ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ : 15000 ਰੁਪਏ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵਲੋਂ ਪੀ.ਐਸ.ਪੀ.ਸੀ.ਐਲ. ਦਾ ਲਾਈਨਮੈਨ ਗ੍ਰਿਫ਼ਤਾਰ

ਅਜਨਾਲਾ, ਓਠੀਆਂ , 27 ਮਈ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਸਬ-ਡਵੀਜ਼ਨ ਜਸਤਰਵਾਲ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਲਾਈਨਮੈਨ ਹਰਦੀਪ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਲੋਪੋਕੇ ਦੇ ਪਿੰਡ ਦੇ ਵਸਨੀਕ ਵਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਾਲ ਹੀ ਵਿਚ ਆਈਆਂ ਹਨੇਰੀ ਤੇ ਤੂਫ਼ਾਨਾਂ ਦੌਰਾਨ ਉਸ ਦੇ ਖੇਤਾਂ ਵਿਚ ਲੱਗਿਆ ਬਿਜਲੀ ਟ੍ਰਾਂਸਫਾਰਮਰ ਡਿਗ ਗਿਆ ਸੀ ਅਤੇ ਇਸ ਨੂੰ ਠੀਕ ਕਰਨ ਬਦਲੇ ਉਕਤ ਲਾਈਨਮੈਨ ਨੇ ਉਸ ਤੋਂ 15,000 ਰੁਪਏ ਰਿਸ਼ਵਤ ਦੀ ਮੰਗੀ ਹੈ। ਮੁਲਜ਼ਮ ਦੀਆਂ ਕਾਲ ਰਿਕਾਰਡਿੰਗਾਂ, ਯੂ.ਪੀ.ਆਈ. ਲੈਣ-ਦੇਣ ਦੇ ਸਕ੍ਰੀਨਸ਼ਾਟ, ਬੈਂਕ ਸਟੇਟਮੈਂਟ ਅਤੇ ਵੋਇਸ ਸੁਨੇਹਿਆਂ ਸਮੇਤ ਦਿੱਤੇ ਗਏ ਸਬੂਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਰਤਾ ਤੋਂ 15,000 ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਇਹ ਰਕਮ ਪ੍ਰਾਪਤ ਵੀ ਕਰ ਲਈ ਸੀ। ਇਸ 'ਤੇ ਇਹ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ।