ਝਾਰਖ਼ੰਡ: ਸੁਰੱਖਿਆ ਬਲਾਂ ਨੇ ਢੇਰ ਕੀਤਾ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਮਾਓਵਾਦੀ

ਰਾਂਚੀ, 26 ਮਈ- ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਓਵਾਦੀ) ਦਾ ਇਕ ਮੈਂਬਰ ਮਾਰਿਆ ਗਿਆ। ਉਸ ਦੇ ਸਿਰ ’ਤੇ 5 ਲੱਖ ਰੁਪਏ ਦਾ ਇਨਾਮ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਦੌਰਾਨ ਇਕ ਹੋਰ ਅੱਤਵਾਦੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਤਵਾਰ ਰਾਤ ਨੂੰ ਮੌਹਾਦੰਡ ਪੁਲਿਸ ਸਟੇਸ਼ਨ ਦੀ ਹੱਦ ਅਧੀਨ ਦੌਨਾ ਦੇ ਜੰਗਲ ਵਿਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਪਲਾਮੂ ਦੇ ਡੀ.ਆਈ.ਜੀ. ਵਾਈ.ਐਸ. ਰਮੇਸ਼ ਨੇ ਕਿਹਾ ਕਿ ਮਨੀਸ਼ ਯਾਦਵ, ਜਿਸ ’ਤੇ 5 ਲੱਖ ਰੁਪਏ ਦਾ ਇਨਾਮ ਸੀ, ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਇਕ ਹੋਰ ਮਾਓਵਾਦੀ, ਕੁੰਦਨ ਖੇਰਵਾਰ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵਲੋਂ ਸ਼ੁਰੂ ਕੀਤੇ ਗਏ ਨਕਸਲ ਵਿਰੋਧੀ ਆਪ੍ਰੇਸ਼ਨ ਵਿਚ ਜੇ.ਜੇ.ਐਮ.ਪੀ. ਸੁਪਰੀਮੋ ਪੱਪੂ ਲੋਹਾਰਾ ਸਮੇਤ ਦੋ ਮਾਓਵਾਦੀਆਂ ਦੇ ਮਾਰੇ ਜਾਣ ਤੋਂ ਸਿਰਫ਼ ਦੋ ਦਿਨ ਬਾਅਦ ਸ਼ੁਰੂ ਕੀਤੀ ਗਈ ਸੀ। ਪੱਪੂ ਲੋਹਾਰਾ ’ਤੇ 10 ਲੱਖ ਰੁਪਏ ਦਾ ਇਨਾਮ ਸੀ।