ਭਾਰਤ-ਪਾਕਿ ਸਰਹੱਦ 'ਤੇ ਛਾਏ ਕਾਲੇ ਬੱਦਲਾਂ ਤੋਂ ਬਾਅਦ ਆਈ ਮੀਂਹ-ਹਨੇਰੀ ਨੇ ਸੈਲਾਨੀਆਂ ਦੀਆਂ ਵਧਾਈਆਂ ਮੁਸ਼ਕਿਲਾਂ

ਅਟਾਰੀ (ਅੰਮ੍ਰਿਤਸਰ), 24 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉਤੇ ਛਾਏ ਕਾਲੇ ਬੱਦਲਾਂ ਨੇ ਅਸਮਾਨ ਨੂੰ ਢੱਕ ਦਿੱਤਾ, ਜਿਸ ਤੋਂ ਬਾਅਦ ਹਨੇਰਾ ਹੋ ਗਿਆ। ਇਸ ਮੌਕੇ ਤੇਜ਼ ਵਾਹਨਾਂ ਦੀ ਰਫਤਾਰ ਰੁਕ ਗਈ ਅਤੇ ਡਰਾਈਵਰਾਂ ਨੂੰ ਲਾਈਟਾਂ ਦਾ ਇਸਤੇਮਾਲ ਕਰਨਾ ਪਿਆ। ਮੀਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉਥੇ ਰਾਹਗੀਰਾਂ ਅਤੇ ਸੈਲਾਨੀਆਂ ਦੀਆਂ ਮੁਸ਼ਕਿਲਾਂ ਵਿਚ ਵੀ ਵਾਧਾ ਕੀਤਾ। ਦੂਰ-ਦੁਰਾਡੇ ਇਲਾਕਿਆਂ ਵਿਚੋਂ ਰਿਟ੍ਰੀਟ ਸੈਰੇਮਨੀ ਦਾ ਆਨੰਦ ਮਾਨਣ ਆਏ ਸੈਲਾਨੀਆਂ ਨੂੰ ਮੰਜ਼ਿਲ ਉਤੇ ਪਹੁੰਚਣ ਲਈ ਕਈ ਦਿੱਕਤਾਂ ਆਈਆਂ। ਰਾਹਗੀਰ ਜਿਥੇ ਸਨ, ਉਨ੍ਹਾਂ ਨੇ ਉਥੇ ਹੀ ਗੱਡੀਆਂ ਰੋਕੀ ਰੱਖੀਆਂ। ਮੀਂਹ-ਹਨੇਰੀ ਘੱਟ ਹੋਣ ਤੋਂ ਬਾਅਦ ਉਹ ਮੰਜ਼ਿਲ ਵੱਲ ਰਵਾਨਾ ਹੋਏ। ਤੇਜ਼ ਝੱਖੜ ਸ਼ੁਰੂ ਹੁੰਦਿਆਂ ਬਿਜਲੀ ਗੁੱਲ ਹੋਈ ਅਤੇ ਕਈ ਰੁੱਖ ਵੀ ਟੁੱਟੇ ਹਨ। ਅਟਾਰੀ ਸਰਹੱਦ ਉਤੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਪਹੁੰਚੇ ਸੈਲਾਨੀਆਂ ਨੂੰ ਮੀਂਹ ਤੋਂ ਬਚਾਅ ਕਰਨ ਲਈ ਛੱਤਰੀਆਂ ਦਾ ਸਹਾਰਾ ਲੈਣਾ ਪਿਆ।