ਪਾਕਿ ਦੇ ਨਿਸ਼ਾਨੇ ’ਤੇ ਸੀ ਸ੍ਰੀ ਦਰਬਾਰ ਸਾਹਿਬ- ਫ਼ੌਜ ਅਧਿਕਾਰੀ

ਅੰਮ੍ਰਿਤਸਰ, 19 ਮਈ- ਭਾਰਤੀ ਸੈਨਾ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਨਿਸ਼ਾਨੇ ’ਤੇ ਸ੍ਰੀ ਦਰਬਾਰ ਸਾਹਿਬ ਸੀ। ਭਾਰਤੀ ਫੌਜ ਨੇ ਇਕ ਡੈਮੋ ਦਿਖਾਉਂਦੇ ਹੋਏ ਦੱਸਿਆ ਕਿ ਕਿਵੇਂ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ, ਜਿਸ ਵਿਚ ਆਕਾਸ਼ ਮਿਜ਼ਾਈਲ ਪ੍ਰਣਾਲੀ ਵੀ ਸ਼ਾਮਿਲ ਹੈ, ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਭਾਰਤ ਦੇ ਏਅਰ ਡਿਫ਼ੈਸ ਸਿਸਟਮ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਪਾਕਿਸਤਾਨ ਵਲੋਂ ਇਕ ਤੋਂ ਵਧੇਰੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਆਪ੍ਰੇਸ਼ਨ ‘ਸੰਧੂਰ’ ਅਜੇ ਪੂਰੀ ਤਰ੍ਹਾਂ ਮੁੱਕਿਆ ਨਹੀਂ ਹੈ। ਅਸੀਂ ਅੱਤਵਾਦੀਆਂ ਦੇ ਖਿਲਾਫ਼ ਆਪਣੀ ਜੰਗ ਜਾਰੀ ਰੱਖਾਂਗੇ।