ਮਜੀਠਾ ਸ਼ਰਾਬ ਮਾਮਲਾ: ਡੀ.ਐਸ.ਪੀ. ਤੇ ਐਸ.ਐਚ.ਓ. ਮਜੀਠਾ ਮੁਅੱਤਲ

ਚੰਡੀਗੜ੍ਹ, 13 ਮਈ- ਡੀ.ਜੀ.ਪੀ. ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਜੀਠਾ, ਅੰਮ੍ਰਿਤਸਰ ਵਿਚ ਇਕ ਮੰਦਭਾਗੀ ਘਟਨਾ ਵਿਚ ਨਕਲੀ ਸ਼ਰਾਬ ਕਾਰਨ ਹੋਈਆਂ ਜਾਨਾਂ ਦੇ ਦੁਖਦਾਈ ਨੁਕਸਾਨ ਤੋਂ ਬਾਅਦ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਨਕਲੀ ਸ਼ਰਾਬ ਦੇ ਕਾਰੋਬਾਰ ਦੇ ਸੰਬੰਧ ਵਿਚ ਰੈਕੇਟ ਦੇ ਸਰਗਨਾ ਅਤੇ ਕਈ ਸਥਾਨਕ ਸ਼ਰਾਬ ਵੇਚਣ ਵਾਲਿਆਂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਲਈ ਆਨਲਾਈਨ ਖਰੀਦੇ ਜਾਣ ਤੋਂ ਬਾਅਦ ਈਥਾਨੋਲ ਦੀ ਵਰਤੋਂ ਕੀਤੀ ਗਈ ਤੇ ਪੂਰੀ ਵਿਧੀ ਦਾ ਪਰਦਾਫਾਸ਼ ਕਰਨ ਅਤੇ ਸ਼ਾਮਿਲ ਸਾਰਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਜਾਂਚ ਜਾਰੀ ਹੈ। ਬੀ.ਐਨ.ਐਸ. ਅਤੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀ.ਐਸ.ਪੀ. ਸਬ-ਡਵੀਜ਼ਨ ਮਜੀਠਾ ਅਤੇ ਐਸ.ਐਚ.ਓ. ਪੁਲਿਸ ਸਟੇਸ਼ਨ ਮਜੀਠਾ ਨੂੰ ਘੋਰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਪਰਾਧੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।