ਸਰਹੱਦੀ ਖੇਤਰ ਦੇ ਪਿੰਡਾਂ ਦਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਦੌਰਾ ਕੀਤਾ

ਪਠਾਨਕੋਟ, 9 ਮਈ (ਸੰਧੂ)-ਭਾਰਤ ਵਲੋਂ ਆਪ੍ਰੇਸ਼ਨ ਸੰਧੂਰ ਤਹਿਤ ਕੀਤੀ ਗਈ ਕਾਰਵਾਈ ਤੋਂ ਪਰੇਸ਼ਾਨ ਪਾਕਿਸਤਾਨ ਡਰੋਨ ਹਮਲੇ ਕਰਨ ਦੇ ਨਾਲ-ਨਾਲ ਸਰਹੱਦੀ ਇਲਾਕਿਆਂ ਵਿੱਚ ਗੋਲੀਬਾਰੀ ਵੀ ਕਰ ਰਿਹਾ ਹੈ, ਜਿਸ ਕਾਰਨ ਸਰਹੱਦੀ ਇਲਾਕਿਆਂ ਵਿੱਚ ਕਾਫ਼ੀ ਤਣਾਅ ਹੈ।ਅੱਜ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਦੇ ਨਾਲ ਸਥਿਤ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ। ਇਸ ਦੌਰਾਨ ਵਿਧਾਇਕ ਅਸ਼ਵਨੀ ਸ਼ਰਮਾ ਨੇ ਪਿੰਡ ਵਾਸੀਆਂ, ਬੱਚਿਆਂ, ਬਜ਼ੁਰਗਾਂ ਅਤੇ ਮਾਵਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਸਖ਼ਤ ਜਵਾਬ ਦੇ ਰਹੀ ਹੈ। ਕਿਉਂਕਿ ਇਹ ਪਿੰਡ ਫਰੰਟ ਲਾਈਨ 'ਤੇ ਹੈ, ਲੋਕ ਫੌਜ ਅਤੇ ਦੇਸ਼ ਪ੍ਰਤੀ ਬਹੁਤ ਉਤਸ਼ਾਹਿਤ ਹਨ।ਉਨ੍ਹਾਂ ਕਿਹਾ ਕਿ ਸਾਨੂੰ ਇਸ ਸਥਿਤੀ ਦਾ ਸਾਹਮਣਾ ਏਕਤਾ ਨਾਲ ਕਰਨਾ ਪਵੇਗਾ। ਇਸ ਲਈ, ਪ੍ਰਸ਼ਾਸਨ ਅਤੇ ਫੌਜ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀ ਗਈ ਸਲਾਹ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਨੁਸ਼ਾਸਨ ਵਿੱਚ ਰਹਿ ਕੇ ਹੀ ਪਾਕਿਸਤਾਨ ਦਾ ਸਾਹਮਣਾ ਕਰ ਸਕਦੇ ਹਾਂ।ਇਸ ਮੌਕੇ ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਵਿਧਾਇਕ ਸੀਮਾ ਦੇਵੀ, ਭਾਜਪਾ ਆਗੂ ਰਾਕੇਸ਼ ਸ਼ਰਮਾ, ਰਾਮਪਾਲ ਵਿੱਕੀ, ਮੰਡਲ ਪ੍ਰਧਾਨ ਅਮਨ ਸ਼ਰਮਾ, ਵਿਸ਼ਾਲ ਸ਼ਰਮਾ, ਵਿਨੋਦ ਕੁਮਾਰ ਅਤੇ ਹੋਰਾਂ ਦੇ ਨਾਲ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਬਮਿਆਲ , ਮੁੱਠੀ, ਸਿੰਬਲ/ਸਕੋਲ, ਟਿੰਡਾ, ਚੱਕ ਮੀਰ, ਭਵਾਲ, ਖੋਜਕੀਚੱਕ ਪਹੁੰਚੇ ਅਤੇ ਉੱਥੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਨਾਲ ਭਾਰਤ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਦੱਸਿਆ।