ਬਲੈਕਆਊਟ ਦਾ ਸੰਦੇਸ਼ ਮਿਲਣ 'ਤੇ ਹਦਾਇਤਾਂ ਦਾ ਕਰੋ ਪਾਲਣ - ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਆਈ.ਏ.ਐਸ. ਨੇ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ 'ਤੇ ਬਣੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਅਪੀਲ ਕੀਤੀ ਹੈ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜਿੰਮੇਵਾਰੀ ਵਾਲੀ ਭੁਮਿਕਾ ਨਿਭਾਉਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਕੋਈ ਖਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਉਟ ਕੀਤਾ ਜਾਵੇਗਾ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸਬੰਧੀ ਕੁਝ ਜਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਬਿਨ੍ਹਾਂ ਬਲੈਕਆਉਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਨਾ ਹੀ ਜਗਾਈ ਜਾਵੇ ਤਾਂ ਬਿਹਤਰ ਹੈ।ਡਿਪਟੀ ਕਮਿਸ਼ਨਰ ਨੇ ਬਲੈਕਆਉਟ ਪ੍ਰੋਟੋਕਾਲ ਦਿਸ਼ਾ-ਨਿਰਦੇਸ਼ ਸਾਂਝੇ ਕਰਦਿਆਂ ਕਿਹਾ ਕਿ ਸਾਇਰਨ ਦਾ ਮਤਲਬ ਅਸਲ ਖਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ। ਇਸ ਲਈ ਜਦੋਂ ਖਤਰੇ ਦਾ ਸੰਕੇਤ ਮਿਲੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰੋ। ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ ਬਾਹਰੋਂ ਦਿਖ ਸਕਦੀ ਹੋਵੇ। ਬਿਜਲੀ ਬੰਦ ਹੋਣ ਤੇ ਇਨਵਰਟਰ ਜਾਂ ਜਨਰੇਟਰ ਨਾਲ ਵੀ ਕੋਈ ਲਾਈਟ ਨਾ ਜਗਾਓ। ਖਿੜਕੀਆਂ ਤੇ ਪਰਦੇ ਲਗਾ ਕੇ ਰੱਖੋ ਅਤੇ ਅੰਦਰ ਤੋਂ ਵੀ ਕੋਈ ਰੌਸ਼ਨੀ ਬਾਹਰ ਨਾ ਆਵੇ। ਆਪਣੇ ਫੋਨ ਪਹਿਲਾਂ ਤੋਂ ਹੀ ਚਾਰਜ ਰੱਖੋ। ਜਦੋਂ ਬਲੈਕ ਆਉਟ ਹੋਵੇ ਜਾਂ ਖਤਰੇ ਦਾ ਸੰਦੇਸ਼ ਹੋਵੇ ਤਾਂ ਤੁਰੰਤ ਨੇੜੇ ਦੀ ਕਿਸੇ ਇਮਾਰਤ ਵਿਚ ਸ਼ਰਨ ਲਵੋ। ਜੇਕਰ ਇਮਾਰਤ ਬਹੁ ਮੰਜਿਲਾ ਹੈ ਤਾਂ ਹੇਠਲੇ ਤਲ ਤੇ ਆ ਜਾਵੋ। ਇਮਾਰਤ ਦੇ ਅੰਦਰ ਵੀ ਕਿਸੇ ਕੋਨੇ ਵਿਚ ਸ਼ਰਨ ਲਵੋ। ਖਿੜਕੀਆਂ ਦੇ ਨੇੜੇ ਨਾ ਜਾਓ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖਤ ਹੇਠ ਸ਼ਰਨ ਲਵੋ। ਜੇਕਰ ਦਰਖ਼ਤ ਨਾ ਹੋਵੇ ਤਾਂ ਛਾਤੀ ਭਾਰ ਲੇਟ ਕੇ ਜਮੀਨ ਤੇ ਕੁਹਣੀਆਂ ਲਗਾਉਂਦੇ ਹੋਏ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਵੋ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਨੂੰ ਸਾਇਡ ਤੇ ਰੋਕ ਕੇ ਵਾਹਨ ਦੇ ਥੱਲੇ ਆ ਜਾਓ ਤੇ ਉਸਦੀਆਂ ਲਾਈਟਾਂ ਬੰਦ ਕਰ ਦਿਓ। ਨੇੜੇ ਦੀ ਇਮਾਰਤ ਵਿਚ ਜਾਂ ਦਰਖਤ ਹੇਠ ਜਾਂ ਉਪਰੋਕਤ ਦੱਸੇ ਅਨੁਸਾਰ ਖੁੱਲੇ ਵਿਚ ਲੇਟ ਜਾਓ। ਜਦੋਂ ਤੱਕ ਖਤਰੇ ਦਾ ਅਲਰਟ ਟਲੇ ਨਾ ਇਮਾਰਤ ਤੋਂ ਬਾਹਰ ਨਾ ਆਵੋ। ਜੇਕਰ ਡਰੋਨ ਜਾਂ ਕੋਈ ਉਡਦੀ ਚੀਜ ਵੇਖੋ ਤਾਂ ਫੋਨ ਨੰਬਰ 112 ਤੇ ਇਤਲਾਹ ਦਿਓ ਪਰ ਇਸ ਤਰਾਂ ਦੀ ਚੀਜ ਵੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਾ ਕਰੋ ਕਿਉਂਕਿ ਅਜਿਹਾ ਕਰਦੇ ਸਮੇਂ ਤੁਹਾਡੇ ਮੋਬਾਇਲ ਦੀ ਸਕਰੀਨ ਦੀ ਰੌਸ਼ਨੀ ਤੁਹਾਨੂੰ ਖਤਰੇ ਵਿਚ ਪਾ ਸਕਦੀ ਹੈ। ਬਲੈਕ ਆਉਟ ਸਮੇਂ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਨਾ ਹੀ ਛੱਤਾਂ ਤੇ ਜਾਓ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸੋਲਰ ਮੋਟਰਾਂ ਆਦਿ ਤੇ ਖੇਤਾਂ ਵਿਚ ਲੱਗੀਆਂ ਲਾਈਟਾਂ ਵੀ ਰਾਤ ਸਮੇਂ ਬੰਦ ਰੱਖੀਆਂ ਜਾਣ।