ਸਲਾਈਟ ਲੌਂਗੋਵਾਲ ਵਲੋਂ 12 ਤੱਕ ਸਾਰੀਆਂ ਗਤੀਵਿਧੀਆਂ ਰੱਦ
ਲੌਂਗੋਵਾਲ, 9 ਮਈ (ਵਿਨੋਦ ਸ਼ਰਮਾ)-ਸਲਾਈਟ ਲੌਂਗੋਵਾਲ ਪ੍ਰਬੰਧਨ ਨੇ ਅੱਜ ਡੀਨ ਅਤੇ ਵਿਭਾਗ ਮੁਖੀਆਂ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਸੰਗਰੂਰ ਅਤੇ ਬਰਨਾਲਾ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 12 ਮਈ ਤੱਕ ਇੰਸਟਿਟਿਊਟ ਦੀਆਂ ਸਾਰੀਆਂ ਕਲਾਸਾਂ ਅਤੇ ਗਤੀਵਿਧੀਆਂ ਰੱਦ ਕਰਨ ਦਾ ਫੈਸਲਾ ਲਿਆ ਹੈ। ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੋਸਟਲ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। 10 ਮਈ ਨੂੰ ਹੋਣ ਵਾਲਾ ਡਿਪਲੋਮਾ ਅਤੇ ਸਰਟੀਫਿਕੇਟ ਐਵਾਰਡ ਸਮਾਰੋਹ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਜਿਹੜੇ ਵਿਦਿਆਰਥੀ ਆਪਣੇ ਸਰਟੀਫਿਕੇਟ ਲੈਣ ਲਈ ਪਹਿਲਾਂ ਹੀ ਇੰਸਟਿਟਿਊਟ ਵਿੱਚ ਪਹੁੰਚ ਚੁੱਕੇ ਹਨ ਉਹ 10 ਮਈ ਨੂੰ ਆਪਣੇ ਡੌਕੂਮੈਂਟ ਲੈ ਸਕਦੇ ਹਨ। ਇਸ ਤੋਂ ਇਲਾਵਾ 11 ਮਈ ਨੂੰ ਹੋਣ ਵਾਲੀ ਦੇਸ਼ ਵਿਆਪੀ ਸੈੱਟ ਦੀ ਦਾਖਲਾ ਪ੍ਰੀਖਿਆ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਗਈ ਹੈ। ਨਵੀਂ ਮਿਤੀ ਦੀ ਜਾਣਕਾਰੀ ਇੰਸਟਿਟਿਊਟ ਦੀ ਵੈੱਬਸਾਈਟ ਰਾਹੀਂ ਦਿੱਤੀ ਜਾਵੇਗੀ। ਇਸ ਸਬੰਧ ਵਿਚ ਸਥਿਤੀ ਦੀ ਅਗਲੀ ਸਮੀਖਿਆ ਲਈ 13 ਮਈ ਨੂੰ ਮੀਟਿੰਗ ਹੋਵੇਗੀ।