ਸਾਨੂੰ ਆਪਣੇ ਖ਼ੂਨ ਨਾਲੋਂ ਜ਼ਿਆਦਾ ਪਿਆਰਾ ਹੈ ਪੰਜਾਬ ਦਾ ਪਾਣੀ- ਅਮਨ ਅਰੋੜਾ

ਚੰਡੀਗੜ੍ਹ, 1 ਮਈ- ਕੈਬਨਿਟ ਮੰਤਰੀ ਤੇ ‘ਆਪ’ ਪੰਜਾਬ ਪ੍ਰਧਆਨ ਅਮਨ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬੀ.ਬੀ.ਐਮ.ਬੀ. ਦੇ ਪਾਣੀ ਵਿਚੋਂ ਪੰਜਾਬ ਦਾ ਹਿੱਸਾ ਹਰਿਆਣਾ ਨੂੰ ਦੇਣਾ ਗਲਤ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਵਾਂਗ, ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ 3 ਕਰੋੜ ਪੰਜਾਬੀ ਕਿਸੇ ਵੀ ਹੱਦ ਤੱਕ ਜਾਣਗੇ ਪਰ ਇਸ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੂਨ ਨਾਲੋਂ ਪਾਣੀ ਜ਼ਿਆਦਾ ਪਿਆਰਾ ਹੈ। ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚ ਭਾਜਪਾ ਖਿਲਾਫ਼ ਪ੍ਰਦਰਸ਼ਨ ਕਰੇਗੀ। ਪੰਜਾਬ ਦਾ ਪਾਣੀ ਬੀ.ਬੀ.ਐਮ.ਬੀ. ਰਾਹੀਂ ਹਰਿਆਣਾ ਨੂੰ ਦੇਣ ਦਾ ਹੁਕਮ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ ਹੈ ਤੇ ਅਸੀਂ ਪੰਜਾਬ ਦੇ ਹਿੱਸੇ ਦਾ ਪਾਣੀ ਛੱਡਣ ਦਾ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਆਮ ਆਦਮੀ ਪਾਰਟੀ ਦੇ ਵਰਕਰ, ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵਿਰੋਧ ਪ੍ਰਦਰਸ਼ਨ ਕਰਨਗੇ।