ਈ.ਡੀ. ਅਫਸਰ ਬਣ ਕੇ ਪਤੀ-ਪਤਨੀ ਨਾਲ ਮਾਰੀ 54 ਲੱਖ ਦੀ ਠੱਗੀ, ਮਾਮਲਾ ਦਰਜ

ਪਠਾਨਕੋਟ, 28 ਅਪ੍ਰੈਲ (ਵਿਨੋਦ)-ਪਠਾਨਕੋਟ ਦੇ ਇਕ ਪਤੀ-ਪਤਨੀ ਕੋਲੋਂ ਈ.ਡੀ. ਅਫਸਰ ਬਣ ਕੇ 54 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੇ ਐਸ.ਐਚ.ਓ. ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਮੇਸ਼ ਬਾਬਰੀ ਨਿਵਾਸੀ ਪਠਾਨਕੋਟ ਵਲੋਂ ਸ਼ਿਕਾਇਤ ਲਿਖਵਾਈ ਗਈ ਹੈ ਕਿ ਉਨ੍ਹਾਂ ਨਾਲ ਕਿਸੇ ਨੇ ਈ.ਡੀ. ਅਫਸਰ ਬਣ ਕੇ ਡਰਾ-ਧਮਕਾ ਕੇ 54 ਲੱਖ ਰੁਪਏ ਦੀ ਠੱਗੀ ਮਾਰੀ। ਐਸ. ਐਚ. ਓ. ਅਮਿਤ ਸਿੰਘ ਨੇ ਕਿਹਾ ਕਿ ਇਹੋ ਜਿਹੇ ਸਾਈਬਰ ਕ੍ਰਾਈਮ ਕੇਸਾਂ ਵਿਚ ਠੱਗੀ ਕਰਨ ਵਾਲੇ ਲੋਕ ਸੀ.ਬੀ.ਆਈ. ਜਾਂ ਈ.ਡੀ. ਅਫਸਰ ਬਣ ਕੇ ਲੋਕਾਂ ਨੂੰ ਧਮਕਾਉਂਦੇ ਹਨ ਕਿ ਤੁਹਾਡੇ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਉਸ ਨੂੰ ਜਾਅਲੀ ਵਾਰੰਟ ਵੀ ਭੇਜ ਦਿੰਦੇ ਹਨ ਅਤੇ ਫਿਰ ਉਨ੍ਹਾਂ ਨੂੰ ਡਰਾਉਂਦੇ ਹਨ ਕਿ ਤੁਹਾਡਾ ਅਕਾਊਂਟ ਵੈਰੀਫਾਈ ਹੋਣਾ ਹੈ, ਸਾਨੂੰ ਥੋੜ੍ਹੇ ਪੈਸੇ ਸਾਡੇ ਅਕਾਊਂਟ ਵਿਚ ਪਾਓ। ਉਨ੍ਹਾਂ ਆਖਿਆ ਕਿ ਇਸ ਪਤੀ-ਪਤਨੀ ਕੋਲੋਂ ਲਗਭਗ 54 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਉਨ੍ਹਾਂ ਦੱਸਿਆ ਕਿ ਰਮੇਸ਼ ਬਾਬਰੀ ਦੀ ਸ਼ਿਕਾਇਤ ਉਤੇ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।