JALANDHAR WEATHER

28-04-2025

 ਬੁਲਡੋਜ਼ਰ ਨੀਤੀ ਅਨਿਆ ਹੈ

ਉੱਤਰ ਪ੍ਰਦੇਸ਼ ਨੇ ਬੁਲਡੋਜ਼ਰ ਨਿਆਂ ਦੀ ਅਜਿਹੀ ਕਾਢ ਕੱਢੀ ਹੈ ਕਿ ਦੇਸ਼ ਵਿਚ ਜੇ ਕੋਈ ਇਸ ਗ਼ੈਰ ਕਾਨੂੰਨੀ ਤੇ ਗ਼ੈਰ ਸੰਵਿਧਾਨਿਕ ਕਾਰਵਾਈ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਦੇਸ਼ ਧ੍ਰੋਹੀ ਗਰਦਾਨਿਆ ਜਾਂਦਾ ਹੈ। ਹੁਣ ਪੰਜਾਬ ਸਰਕਾਰ ਵੀ ਇਸੇ ਰਾਹੇ ਤੁਰ ਪਈ ਹੈ। ਬਠਿੰਡਾ ਵਿਚ ਇਕ ਮਲੀਆਮੇਟ ਕੀਤੇ ਗਏ ਘਰ ਦੀ ਤੱਥ ਪੜਤਾਲ ਇਕ ਸਮਾਜ ਸੇਵੀ ਸੰਸਥਾ ਵਲੋਂ ਕਰਵਾਈ ਗਈ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਜਿਸ ਬੰਦੇ ਦਾ ਘਰ ਢਾਹਿਆ ਗਿਆ ਸੀ, ਉਸ ਉੱਪਰ ਦਰਜ ਹੋਏ ਸਾਰੇ ਕੇਸਾਂ ਵਿਚ ਉਹ ਜ਼ਮਾਨਤ ਉੱਪਰ ਸੀ ਤੇ ਇਕ ਵੀ ਕੇਸ ਵਿਚ ਉਸ ਨੂੰ ਸਜ਼ਾ ਨਹੀਂ ਹੋਈ ਸੀ। ਸਾਰੇ ਕੇਸ ਛੋਟੇ-ਮੋਟੇ ਨਸ਼ਾ ਮਿਕਦਾਰ ਨਾਲ ਸੰਬੰਧਿਤ ਸਨ। ਸੰਬੰਧਿਤ ਅਧਿਕਾਰੀ ਕਹਿ ਰਿਹਾ ਸੀ ਕਿ ਮਕਾਨ ਸਰਕਾਰੀ ਥਾਂ ਵਿਚ ਹੋਣ ਕਰਕੇ ਢਾਹਿਆ ਹੈ। ਹੋਰ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਪੂਰਾ ਪਿੰਡ ਹੀ ਸਰਕਾਰੀ ਜ਼ਮੀਨ ਵਿਚ ਹੈ। ਜੇ ਕੋਈ ਇਸ ਗ਼ੈਰ ਕਾਨੂੰਨੀ ਵਰਤਾਰੇ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਸਮਗਲਰ ਪੱਖੀ ਕਹਿ ਦਿੱਤਾ ਜਾਂਦਾ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਤੇ ਯੂ.ਪੀ. ਦੀ ਤਾਸੀਰ ਵਿਚ ਫਰਕ ਹੈ। 'ਨਾ ਵਕੀਲ, ਨਾ ਦਲੀਲ, ਨਾ ਅਪੀਲ।' ਇਹ 'ਨਿਆਂ' ਨਹੀਂ 'ਅਨਿਆਂ' ਹੈ।

-ਐਡਵੋਕੇਟ ਕੰਵਲਜੀਤ ਸਿੰਘ ਕੁਟੀ
ਜ਼ਿਲ੍ਹਾ ਕਚਹਿਰੀਆਂ, ਬਠਿੰਡਾ

ਕਿਰਤੀਆਂ ਨੂੰ ਵੀ ਮਿਲੇ ਕਿਸਾਨ ਨਿਧੀ ਦਾ ਲਾਭ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਾਂਭ-ਸੰਭਾਲ ਆਦਿ ਲਈ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਸਰਕਾਰ ਵਲੋਂ ਮਿਲਣ ਵਾਲੀ ਇਸ ਰਾਸ਼ੀ ਨਾਲ ਛੋਟੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਲਾਭ/ਰਾਹਤ ਮਿਲ ਰਹੀ ਹੈ, ਪਰੰਤੂ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਖੇਤਰ ਨਾਲ ਸਿੱਧੇ/ਅਸਿੱਧੇ ਤਰੀਕੇ ਨਾਲ ਜੁੜੇ ਮਜ਼ਦੂਰ/ਕਿਰਤੀ ਤਬਕੇ ਨੂੰ ਵੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਸਕੀਮ ਦਾ ਨਾਂਅ ਬਦਲ ਕੇ ਪ੍ਰਧਾਨ ਮੰਤਰੀ ਕਿਰਤੀ/ਕਿਸਾਨ ਸਨਮਾਨ ਨਿਧੀ ਸਕੀਮ ਕਰ ਦੇਣਾ ਚਾਹੀਦਾ ਹੈ, ਤਾਂ ਕਿ ਹਰ ਕਿਰਤੀ ਨੂੰ ਬਰਾਬਰ ਦਾ ਸਨਮਾਨ ਮਿਲ ਸਕੇ।

ਬਲਜੀਤ ਸਿੰਘ ਕੁਲਾਰ
ਪਿੰਡ-ਡਾਕ. ਕੋਟਗੁਰੂ (ਬਠਿੰਡਾ)

ਕਾਮਯਾਬੀ ਲਈ ਜ਼ਰੂਰੀ ਹੈ ਸਵੈ-ਭਰੋਸਾ

ਜੇਕਰ ਅਸੀਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਹੈ, ਤਾਂ ਸਾਨੂੰ ਆਪਣੇ 'ਤੇ ਸਵੈ-ਭਰੋਸਾ ਹੋਣਾ ਜ਼ਰੂਰੀ ਹੈ। ਵਾਹਿਗੁਰੂ ਜੀ ਹਰ ਇਕ ਨੂੰ ਜੀਵਨ ਵਿਚ ਮੌਕਾ ਜ਼ਰੂਰ ਦਿੰਦੇ ਹਨ, ਜਿਸ ਦਾ ਸਾਨੂੰ ਲਾਭ ਉਠਾਉਣਾ ਚਹੀਦਾ ਹੈ, ਜਿਸ ਵਿਚ ਸਵੈ ਭਰੋਸਾ ਹੈ, ਤਾਂ ਸਵੈ ਭਰੋਸੇ ਨਾਲ ਅਸੀਂ ਹਰ ਥਾਂ ਕਾਮਯਾਬ ਹੋ ਸਕਦੇ ਹਾਂ। ਸਾਨੂੰ ਆਪਣੇ-ਆਪ ਵਿਚ ਸਵੈ ਭਰੋਸਾ ਹੋਣਾ ਚਾਹੀਦਾ ਹੈ, ਕਿ ਹਾਂ ਮੈਂ ਇਹ ਕੰਮ ਕਰ ਲਵਾਂਗਾ। ਇਹ ਦੇਖਣ ਵਿਚ ਆਇਆ ਹੈ ਕਿ ਜੇਤੂ ਮਾਨਸਿਕਤਾ ਵਾਲੇ ਲੋਕ ਸਵੈ ਭਰੋਸੇ ਨਾਲ ਕੰਮ ਕਰਦੇ ਹਨ ਅਤੇ ਸਫ਼ਲਤਾ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਹਨ। ਸਵੈ ਭਰੋਸੇ ਨਾਲ ਕਾਮਯਾਬੀ ਦਾ ਬੂਹਾ ਖੜਕਾਉਂਦੇ ਹਨ। ਇਸ ਤਰ੍ਹਾਂ ਅਸੀਂ ਕਹਿ ਕਦੇ ਹਾਂ ਕਿ ਸਵੈ ਭਰੋਸੇ ਦੀ ਤਾਕਤ ਬਹੁਤ ਹੁੰਦੀ ਹੈ।
-ਡਾ. ਨਰਿੰਦਰ ਭੱਪਰ ਝਬੇਲਵਾਲੀ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧ ਰਿਹਾ ਅਪਰਾਧ

ਅੱਜਕੱਲ੍ਹ ਅਪਰਾਧ ਬਹੁਤ ਜ਼ਿਆਦਾ ਵਧ ਰਹੇ ਹਨ, ਜੋ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਰੋਜ਼ਾਨਾ ਲੁੱਟ-ਖੋਹ, ਸਨੈਚਿੰਗ, ਕਤਲ ਅਤੇ ਹੋਰ ਭਿਆਨਕ ਅਪਰਾਧਾਂ ਬਾਰੇ ਖ਼ਬਰਾਂ ਸੁਣਦੇ ਰਹਿੰਦੇ ਹਾਂ। ਲੋਕ ਆਪਣੇ ਘਰਾਂ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕੁਝ ਲੋਕ ਚੰਗੀ ਸੰਗਤ, ਸਿੱਖਿਆ ਅਤੇ ਰੁਜ਼ਗਾਰ ਨਾ ਮਿਲਣ ਕਾਰਨ ਅਜਿਹਾ ਕਰਦੇ ਹਨ। ਜਦੋਂ ਕਾਨੂੰਨੀ ਕਾਰਵਾਈ ਲੰਬੀ ਜਾਂ ਢਿੱਲੀ ਹੋਵੇ ਤਾਂ ਅਪਰਾਧੀਆਂ ਦੇ ਹੌਸਲੇ ਵਧਦੇ ਹਨ।

-ਗਗਨਦੀਪ ਸਿੰਘ
ਸਮਰਾਲਾ।

ਜੰਗਲਾਂ ਨੂੰ ਬਚਾਉਣਾ ਜ਼ਰੂਰੀ

ਮਨੁੱਖ ਆਪਣੀਆਂ ਜ਼ਰੂਰਤਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਵਿਕਾਸ ਦੇ ਨਾਂਅ 'ਤੇ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਇਹ ਵਿਕਾਸ ਨਹੀਂ ਦੁਨੀਆ ਦਾ ਵਿਨਾਸ਼ ਹੈ। ਜੰਗਲਾਂ ਦੀ ਕਟਾਈ ਕਾਰਨ ਬਹੁਤ ਸਾਰੇ ਜਾਨਵਰ ਬੇਘਰ ਹੋ ਰਹੇ ਹਨ। ਜ਼ਮੀਨ ਸਿਰਫ਼ ਮਨੁੱਖਾਂ ਦੀ ਹੀ ਨਹੀਂ, ਜਾਨਵਰਾਂ ਦਾ ਵੀ ਜ਼ਮੀਨ 'ਤੇ ਬਰਾਬਰ ਹੱਕ ਹੈ। ਜੰਗਲਾਂ ਦੀ ਕਟਾਈ ਸਿਰਫ਼ ਜਾਨਵਰਾਂ ਲਈ ਹੀ ਸਮੱਸਿਆ ਨਹੀਂ ਹੈ, ਬਲਕਿ ਇਹ ਮਨੁੱਖਾਂ ਲਈ ਵੀ ਗੰਭੀਰ ਸਮੱਸਿਆਵਾਂ ਪੈਦਾ ਕਰਦੀ ਹੈ ਜਿਵੇਂ ਜਲਵਾਯੂ ਵਿਚ ਤਬਦੀਲੀ, ਮਿੱਟੀ ਦੀ ਕਟੌਤੀ, ਪਾਣੀ ਦੇ ਚੱਕਰ ਦਾ ਵਿਗਾੜ ਆਦਿ। ਸਾਨੂੰ ਇਸ ਸਮੱਸਿਆ ਤੋਂ ਬਚਣ ਲਈ ਜੰਗਲਾਂ ਦੀ ਕਟਾਈ ਨਾ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ।

-ਏਕਮਜੋਤ ਸਿੰਘ
ਦਿਆਲਪੁਰਾ।

ਡਿਜੀਟਲ ਸਕੈਮ ਤੋਂ ਬਚੋ

ਅੱਜ ਦੇ ਸਮੇਂ ਦੌਰਾਨ ਜਿਵੇਂ-ਜਿਵੇਂ ਤਕਨੀਕ ਤਰੱਕੀ ਕਰ ਰਹੀ ਹੈ, ਉਸੇ ਤਰ੍ਹਾਂ ਠੱਗਾਂ ਨੇ ਵੀ ਲੋਕਾਂ ਨੂੰ ਲੁੱਟਣ ਦੇ ਨਵੇਂ ਤਰੀਕੇ ਅਪਣਾ ਲਏ ਹਨ। ਹੁਣ ਲੋਕਾਂ ਨੂੰ ਨਕਲੀ ਫ਼ੋਨ ਕਾਲਾਂ, ਈਮੇਲਾਂ, ਵੈੱਬਸਾਈਟਾਂ ਅਤੇ ਐਪਲੀਕੇਸ਼ਨਾਂ ਰਾਹੀਂ ਠੱਗਿਆ ਜਾ ਰਿਹਾ ਹੈ। ਕਈ ਵਾਰੀ ਭੋਲੇ-ਭਾਲੇ ਲੋਕ ਆਪਣੇ ਬੈਂਕ ਖਾਤਿਆਂ, ਓਟੀਪੀ ਜਾਂ ਪੈਨ ਕਾਰਡ ਦੀ ਜਾਣਕਾਰੀ ਦੇ ਕੇ ਆਪਣੀ ਕੀਮਤੀ ਜ਼ਿੰਦਗੀ ਦੀ ਕਮਾਈ ਗਵਾ ਬੈਠਦੇ ਹਨ। ਇਸ ਲਈ ਸਾਵਧਾਨ ਰਹਿਣਾ ਅਤੇ ਸਹੀ ਜਾਣਕਾਰੀ ਰੱਖਣਾ ਹੀ ਡਿਜੀਟਲ ਸਕੈਮ ਤੋਂ ਬਚਾਅ ਦਾ ਸਭ ਤੋਂ ਕਾਰਗਰ ਹਥਿਆਰ ਹੈ।

-ਗਗਨਜਾਪ ਸਿੰਘ ਰਾਜਪੁਰਾ।