‘ਜ਼ਰੂਰ ਹੋਵੇਗਾ ਨਿਆਂ’, ਹੈਪੀ ਪਾਸ਼ੀਆ ਦੀ ਗਿ੍ਰਫ਼ਤਾਰੀ ’ਤੇ ਬੋਲੇ ਐਫ਼.ਬੀ.ਆਈ. ਡਾਇਰੈਕਟਰ

ਵਾਸ਼ਿੰਗਟਨ, 22 ਅਪ੍ਰੈਲ- ਯੂ.ਐਸ. ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਪੰਜਾਬ ਹਮਲਿਆਂ ਵਿਚ ਸ਼ਾਮਿਲ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਐਫ.ਬੀ.ਆਈ. ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਨਸਾਫ਼ ਦਿੱਤਾ ਜਾਵੇਗਾ। ਕਾਸ਼ ਪਟੇਲ ਨੇ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਐਫ.ਬੀ.ਆਈ. ਸੈਕਰਾਮੈਂਟੋ ਨੇ ਇਹ ਜਾਂਚ ਭਾਰਤ ਨਾਲ ਤਾਲਮੇਲ ਕਰਕੇ ਕੀਤੀ। ਅਸੀਂ ਨਿਆਂ ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਕਾਸ਼ ਪਟੇਲ ਨੇ ‘ਐਕਸ’ ’ਤੇ ਲਿਖਿਆ ਕਿ ਹਰਪ੍ਰੀਤ ਸਿੰਘ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਮਰੀਕਾ ਵਿਚ ਇਕ ਵਿਦੇਸ਼ੀ ਅੱਤਵਾਦੀ ਗਰੋਹ ਦਾ ਹਿੱਸਾ ਹੈ ਤੇ ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਵਾਂ ਵਿਚ ਪੁਲਿਸ ਸਟੇਸ਼ਨਾਂ ’ਤੇ ਕਈ ਹਮਲਿਆਂ ਦੀ ਯੋਜਨਾ ਬਣਾਉਣ ਵਿਚ ਸ਼ਾਮਿਲ ਸੀ। ਐਫ.ਬੀ.ਆਈ. ਸੈਕਰਾਮੈਂਟੋ ਨੇ ਸਥਾਨਕ ਅਤੇ ਭਾਰਤ ਵਿਚ ਆਪਣੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਜਾਂਚ ਕੀਤੀ। ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਨਸਾਫ਼ ਹੋਵੇਗਾ। ਕਾਸ਼ ਪਟੇਲ ਨੇ ਅੱਗੇ ਭਰੋਸਾ ਦਿੱਤਾ ਕਿ ਐਫ.ਬੀ.ਆਈ. ਹਿੰਸਾ ਕਰਨ ਵਾਲਿਆਂ ਦਾ ਸ਼ਿਕਾਰ ਕਰਨਾ ਜਾਰੀ ਰੱਖੇਗਾ। ਭਾਵੇਂ ਉਹ ਕਿੱਥੇ ਵੀ ਹੋਣ। ਦੱਸ ਦੇਈਏ ਕਿ 18 ਅਪ੍ਰੈਲ ਨੂੰ ਅਮਰੀਕਾ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪਿਛਲੇ ਛੇ ਮਹੀਨਿਆਂ ਵਿਚ ਪੰਜਾਬ ਵਿਚ ਹੋਏ 14 ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਇਹ ਅੱਤਵਾਦੀ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿਚੋਂ ਇਕ ਹੈ। ਉਸ ’ਤੇ 5 ਲੱਖ ਰੁਪਏ ਦਾ ਇਨਾਮ ਹੈ। ਉਹ ਇਸ ਵੇਲੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਵਿਚ ਹੈ।