ਦਲ ਖਾਲਸਾ ਵਲੋਂ ਪੰਥ ਪ੍ਰਵਾਨਿਤ ਜਥੇਦਾਰ ਨਿਯੁਕਤ ਕਰਨ ਦੀ ਮੰਗ

ਅੰਮ੍ਰਿਤਸਰ, 17 ਅਪ੍ਰੈਲ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਯੋਗਤਾ, ਕਾਰਜ ਖੇਤਰ ਅਤੇ ਸੇਵਾ-ਮੁਕਤੀ ਸਬੰਧੀ ਸੇਵਾ ਨਿਯਮ ਬਣਾਏ ਜਾਣ ਦੀ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਅਤੇ ਸਕੱਤਰ ਜਨਰਲ ਭਾਈ ਕਬਰ ਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਜਦੋਂ ਤੱਕ ਪੰਥ ਪ੍ਰਵਾਨਿਤ ਜਥੇਦਾਰ ਨਿਯੁਕਤ ਨਹੀਂ ਕੀਤੇ ਜਾਂਦੇ, ਉਦੋਂ ਤੱਕ ਨਵੇਂ ਥਾਪੇ ਜਥੇਦਾਰਾਂ ਦੀ ਨਿਯੁਕਤੀ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣੀ ਜਥੇਬੰਦੀ ਵਲੋਂ ਜਥੇਦਾਰ ਨਿਯੁਕਤ ਤੇ ਸੇਵਾ-ਮੁਕਤ ਕਰਨ ਸੰਬੰਧੀ ਆਪਣੇ ਲਿਖਤੀ ਸੁਝਾਅ ਭੇਜੇ ਹਨ।