ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਦੀ ਚੋਣ 'ਚ ਬਲਵਿੰਦਰ ਕੌਰ ਚੁਣੀ ਪ੍ਰਧਾਨ

ਨਵਾਂਸ਼ਹਿਰ, 11 ਅਪ੍ਰੈਲ (ਜਸਬੀਰ ਸਿੰਘ ਨੂਰਪੁਰ/ਹਰਮਿੰਦਰ ਸਿੰਘ ਪਿੰਟੂ)-ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨਗੀ ਦੀ ਚੋਣ ਦਾ ਰੇੜਕਾ ਅੱਜ ਉਸ ਸਮੇਂ ਖਤਮ ਹੋ ਗਿਆ ਜਦੋਂ 20 ਮਹੀਨਿਆਂ ਦੇ ਲੰਬੇ ਸਮੇਂ ਬਾਅਦ ਨਗਰ ਕੌਂਸਲ ਦਫਤਰ ਵਿਚ ਹੋਈ ਚੋਣ ਦੌਰਾਨ ਸਰਬਸੰਮਤੀ ਨਾਲ ਬਲਵਿੰਦਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦਾ ਨਾਂ ਪਰਮ ਸਿੰਘ ਖਾਲਸਾ ਨੇ ਪੇਸ਼ ਕੀਤਾ ਅਤੇ ਜਿਸ ਦੀ ਤਈਦ ਡਾਕਟਰ ਕਮਲ ਨਵਾਂਸ਼ਹਿਰ ਨੇ ਕੀਤੀ। ਸੀਨੀਅਰ ਮੀਤ ਪ੍ਰਧਾਨ ਦੀ ਚੋਣ ਦੌਰਾਨ ਅਕਾਲੀ ਕੌਂਸਲਰ ਜਿੰਦਰ ਕੌਰ ਜੀਤ ਤੇ ਜਿੰਦਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਜਿਨ੍ਹਾਂ ਦਾ ਨਾਂ ਮੱਖਣ ਸਿੰਘ ਗਰੇਵਾਲ ਨੇ ਪੇਸ਼ ਕੀਤਾ, ਜਿਸ ਦੀ ਤਈਦ ਸੀਸ ਕੌਰ ਬੀਕਾ ਨੇ ਕੀਤੀ। ਵਾਈਸ ਪ੍ਰਧਾਨ ਦੀ ਚੋਣ ਲਈ ਗੁਰਮੁਖ ਨੌਰਦ ਬਸਪਾ ਅਤੇ ਚੇਤ ਰਾਮ ਰਤਨ ਕਾਂਗਰਸੀ ਕੌਂਸਲਰ ਮੁਖ ਦਾਅਵੇਦਾਰ ਸਨ, ਜਿਸ ਦੌਰਾਨ ਗੁਰਮੁਖ ਸਿੰਘ ਨੌਰਦ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ, ਜਿਸ ਦਾ ਨਾਂ ਲਲਿਤ ਮੋਹਨ ਪਾਠਕ ਬੱਲੂ ਪ੍ਰਧਾਨ ਨੇ ਪੇਸ਼ ਕੀਤਾ, ਜਿਸ ਦੀ ਤਈਦ ਜਸਪ੍ਰੀਤ ਕੌਰ ਬਖਸ਼ੀ ਨੇ ਕੀਤੀ। ਐਸ.ਡੀ.ਐਮ. ਰਵਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਦੀ ਚੋਣ ਦੌਰਾਨ ਬਲਵਿੰਦਰ ਕੌਰ ਪ੍ਰਧਾਨ, ਜਿੰਦਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਗੁਰਮੁਖ ਨੌਰਦ ਵਾਈਸ ਪ੍ਰਧਾਨ ਚੁਣੇ ਗਏ। ਨਵੇਂ ਚੁਣੇ ਗਏ ਪ੍ਰਧਾਨ ਬੀਬੀ ਬਲਵਿੰਦਰ ਕੌਰ ਨੇ ਆਖਿਆ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉਤੇ ਕਰਵਾਉਣਗੇ ਅਤੇ ਜਿਹੜੇ ਕੰਮ ਰੁਕੇ ਹਨ, ਉਨ੍ਹਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ।