ਵਕਫ਼ ਐਕਟ ਬਿੱਲ ਨੂੰ ਲੈ ਕੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

ਸ੍ਰੀਨਗਰ, 7 ਅਪ੍ਰੈਲ- ਵਕਫ਼ ਐਕਟ ਨੂੰ ਲੈ ਕੇ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਨੈਸ਼ਨਲ ਕਾਨਫ਼ਰੰਸ ਦੇ ਮੁਲਤਵੀ ਪ੍ਰਸਤਾਵ ’ਤੇ ਵੱਡਾ ਹੰਗਾਮਾ ਹੋਇਆ। ਨੈਸ਼ਨਲ ਕਾਨਫ਼ਰੰਸ ਵਕਫ਼ ਬਿੱਲ ’ਤੇ ਚਰਚਾ ਦੀ ਮੰਗ ਕਰ ਰਹੀ ਹੈ। ਐਨ.ਸੀ. ਨੇਤਾ ਤਨਵੀਰ ਸਾਦਿਕ ਵਕਫ਼ ਐਕਟ ਵਿਰੁੱਧ ਮੁਲਤਵੀ ਪ੍ਰਸਤਾਵ ਲਿਆਉਣ ਦੀ ਮੰਗ ਕਰ ਰਹੇ ਹਨ। ਸਪੀਕਰ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਇਸ ਲਈ ਇਸ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਭਾਜਪਾ ਨੇ ਪਹਿਲਾਂ ਸਵਾਲ-ਜਵਾਬ ਸੈਸ਼ਨ ਦੀ ਮੰਗ ਕੀਤੀ ਸੀ, ਨੈਸ਼ਨਲ ਕਾਨਫ਼ਰੰਸ ਦੇ ਵਿਧਾਇਕਾਂ ਨੇ ‘ਵਕਫ਼ ਬਿੱਲ ਸਵੀਕਾਰਯੋਗ ਨਹੀਂ ਹੈ, ਇਸ ਨੂੰ ਵਾਪਸ ਲਓ’ ਆਦਿ ਵਰਗੇ ਨਾਅਰੇ ਲਗਾਏ। ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਦੇ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਫਿਰ ਤੋਂ ਹੰਗਾਮੇ ਕਾਰਨ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਪੀਕਰ ਨੇ ਸਦਨ ਦੀ ਕਾਰਵਾਈ ਸ਼ਾਂਤੀਪੂਰਵਕ ਚਲਾਉਣ ਦੀ ਅਪੀਲ ਕੀਤੀ।