ਸ੍ਰੀਲੰਕਾ: ਪ੍ਰਧਾਨ ਮੰਤਰੀ ਮੋਦੀ ਸ੍ਰੀਲੰਕਾ ਮਿਤ੍ਰ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ


ਕੋਲੰਬੋ, 5 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਲੰਕਾ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਕਾਰ ਦੁਵੱਲੀ ਗੱਲਬਾਤ ਸ਼ੁਰੂ ਹੋ ਗਈ ਹੈ। ਇਸ ਮੌਕੇ ’ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਕੋਲੰਬੋ ਵਿਚ ਸੌਮਪੁਰਾ ਸੋਲਰ ਪਾਵਰ ਪ੍ਰੋਜੈਕਟ ਦਾ ਸਾਂਝੇ ਤੌਰ ’ਤੇ ਵਰਚੁਅਲ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਸ੍ਰੀਲੰਕਾ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨਾ, ਜੈਵਿਕ ਇੰਧਨ ’ਤੇ ਨਿਰਭਰਤਾ ਘਟਾਉਣਾ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਜੈਕਟ 19 ਸਾਲਾਂ ਤੋਂ ਰੁਕਿਆ ਹੋਇਆ ਸੀ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੂੰ ਸੁਤੰਤਰਤਾ ਚੌਕ ’ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਅਧਿਕਾਰੀਆਂ ਦੇ ਅਨੁਸਾਰ, ਇਹ ਪਹਿਲੀ ਵਾਰ ਹੈ, ਜਦੋਂ ਸ੍ਰੀਲੰਕਾ ਨੇ ਸੁਤੰਤਰਤਾ ਚੌਕ ’ਤੇ ਕਿਸੇ ਮਹਿਮਾਨ ਨੇਤਾ ਦਾ ਇੰਨਾ ਸ਼ਾਨਦਾਰ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਲੋਂ ਮਿਤ੍ਰਾ ਵਿਭੂਸ਼ਣ ਪੁਰਸਕਾਰ ਵੀ ਦਿੱਤੀ ਗਿਆ। ਇਸ ਮੌਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪੁਰਸਕਾਰ ਨਾਲ ਸਨਮਾਨਿਤ ਹੋਣਾ ਮੇਰੇ ਲਈ ਨਹੀਂ ਬਲਕਿ 140 ਕਰੋੜ ਭਾਰਤੀਆਂ ਲਈ ਮਾਣਾ ਵਾਲੀ ਗੱਲ ਹੈ। ਇਹ ਭਾਰਤ ਤੇ ਸ੍ਰੀਲੰਕਾ ਵਿਚਾਲੇ ਇਤਿਹਾਸਕ ਸੰਬੰਧਾਂ ਤੇ ਗਹਿਰੀ ਦੋਸਤੀ ਨੂੰ ਦਰਸਾਉਂਦਾ ਹੈ ਤੇ ਇਸ ਲਈ ਮੈਂ ਰਾਸ਼ਟਰਪਤੀ, ਸ੍ਰੀਲੰਕਾ ਸਰਕਾਰ ਤੇ ਇਥੋਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।