ਲੁਟੇਰਿਆਂ ਨਾਲ ਹੋਈ ਹੱਥੋਂਪਾਈ 'ਚ ਮਹਿਲਾ ਨਹਿਰ 'ਚ ਡੁੱਬੀ
ਤਿੱਬੜ (ਗੁਰਦਾਸਪੁਰ), 28 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ’ਤੇ ਪੈਂਦੇ ਪੁੱਲ ਬੱਬੇਹਾਲੀ ਵਿਖੇ ਲੁਟੇਰਿਆਂ ਵਲੋਂ ਦੋ ਮਹਿਲਾਵਾਂ ਨਾਲ ਲੁੱਟ-ਖੋਹ ਕਰਨ ਸਮੇਂ ਲੁਟੇਰਿਆਂ ਤੇ ਉਕਤ ਮਹਿਲਾਵਾਂ ਵਿਚਕਾਰ ਹੱਥੋਂਪਾਈ ਹੋ ਗਈ। ਇਕ ਮਹਿਲਾ ਅਮਨਪ੍ਰੀਤ ਕੌਰ ਪਤਨੀ ਆਕਾਸ਼ਦੀਪ ਸਿੰਘ ਵਾਸੀ ਬਿਧੀਪੁਰ ਫਾਟਕ ਧਾਰੀਵਾਲ ਨਹਿਰ ਵਿਚ ਡੁੱਬ ਗਈ। ਉਕਤ ਮਹਿਲਾ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਨਹਿਰ ਵਿਚ ਡੁੱਬੀ ਮਹਿਲਾ ਅਮਨਪ੍ਰੀਤ ਕੌਰ ਆਪਣੀ ਸੱਸ ਰੁਪਿੰਦਰ ਕੌਰ ਪਤਨੀ ਸਵ. ਰਾਜਵਿੰਦਰ ਸਿੰਘ ਨਾਲ ਸਕੂਟਰੀ ’ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆ ਰਹੀਆਂ ਸਨ ਕਿ ਰਸਤੇ ਵਿਚ ਲੁਟੇਰਿਆਂ ਵਲੋਂ ਇਨ੍ਹਾਂ ਨਾਲ ਲੁੱਟ-ਖੋਹ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਨਹਿਰ ਵਿਚ ਡੁੱਬੀ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।