JALANDHAR WEATHER

ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਅਦਾਲਤ ਵਲੋਂ ਮਹਿਲਾ ਨਾਲ ਜਬਰ-ਜ਼ਨਾਹ ਮਾਮਲੇ 'ਚ ਕੀਤਾ ਦੋਸ਼ੀ ਕਰਾਰ

ਚੰਡੀਗੜ੍ਹ, 28 ਮਾਰਚ (ਕਪਲ ਵਧਵਾ)-ਪੰਜਾਬ ਦੇ ਜਾਣੇ-ਮਾਣੇ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਮੋਹਾਲੀ ਦੀ ਅਦਾਲਤ ਨੇ 2018 ਦੇ ਜ਼ਿਰਕਪੁਰ ਦੇ ਇਕ ਮਹਿਲਾ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ 2018 ਵਿਚ ਦਰਜ ਕੀਤਾ ਗਿਆ ਸੀ, ਜਿਸ ਵਿਚ ਪਾਸਟਰ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਇਕ ਮਹਿਲਾ ਨਾਲ ਜਬਰ-ਜ਼ਨਾਹ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ। ਇਸ ਤੋਂ ਇਲਾਵਾ ਹਾਲ ਹੀ ਵਿਚ ਪਾਸਟਰ ਬਜਿੰਦਰ ਸਿੰਘ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਇਕ ਮਹਿਲਾ ਅਤੇ ਇਕ ਪੁਰਸ਼ ਨਾਲ ਹਿੰਸਕ ਵਿਵਹਾਰ ਕਰਦੇ ਹੋਏ ਦਿਖਾਇਆ ਗਿਆ ਸੀ। ਇਸ ਵੀਡੀਓ ਦੇ ਆਉਣ ਤੋਂ ਬਾਅਦ, ਮੋਹਾਲੀ ਪੁਲਿਸ ਨੇ ਉਨ੍ਹਾਂ ਖਿਲਾਫ਼ ਨਵੇਂ ਮਾਮਲੇ ਵੀ ਦਰਜ ਕੀਤੇ ਹਨ। ਪਾਸਟਰ ਬਜਿੰਦਰ ਸਿੰਘ ਦੇ ਸਮਰਥਕਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਮੋਹਾਲੀ 'ਚ ਰੋਸ ਪ੍ਰਦਰਸ਼ਨ ਵੀ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਨੇ ਪੁਲਿਸ 'ਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਤਾਜ਼ਾ ਫ਼ੈਸਲੇ ਨਾਲ ਪਾਸਟਰ ਬਜਿੰਦਰ ਸਿੰਘ ਦੀਆਂ ਕਾਨੂੰਨੀ ਮੁਸ਼ਕਿਲਾਂ ਵਧ ਗਈਆਂ ਹਨ। ਇਸ ਮਾਮਲੇ ਵਿਚ ਪਾਸਟਰ ਬਜਿੰਦਰ ਸਿੰਘ ਤੋਂ ਇਲਾਵਾ ਬਾਕੀ ਮੁਲਜ਼ਮ ਬਰੀ ਕਰ ਦਿੱਤੇ ਗਏ ਹਨ। ਅਦਾਲਤ ਵਲੋਂ ਪਾਸਟਰ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਪਾਸਟਰ ਖ਼ਿਲਾਫ਼ ਦਰਜ ਕੀਤੇ ਗਏ ਦੋ ਮਾਮਲੀਆਂ ਨੇ ਇਸ ਕੇਸ ਦੇ ਨਤੀਜੇ ਨੂੰ ਪਾਸਟਰ ਵਿਰੁੱਧ ਪ੍ਰਭਾਵਿਤ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ