ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨ ਆਗੂਆਂ ਵਲੋਂ ਪਿਲਾਇਆ ਗਿਆ ਪਾਣੀ

ਪਟਿਆਲਾ, 28 ਮਾਰਚ (ਅਮਰਬੀਰ ਸਿੰਘ ਆਲੂਵਾਲੀਆ)- ਲੰਘੀ 19 ਤਰੀਕ ਨੂੰ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਭੇਜਿਆ ਗਿਆ ਸੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਪਹਿਲਾਂ ਹੀ ਭੁੱਖ ਹੜਤਾਲ ’ਤੇ ਚੱਲ ਰਹੇ ਸਨ, ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨਾਂ ਦੀ ਰਿਹਾਈ ਦੀ ਸ਼ਰਤ ਰੱਖਦਿਆਂ ਪਾਣੀ ਪੀਣਾ ਵੀ ਛੱਡ ਦਿੱਤਾ ਸੀ। ਅੱਜ ਤਕਰੀਬਨ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚੋਂ ਕਿਸਾਨ ਆਗੂ ਤੇ ਵਰਕਰ ਰਿਹਾਅ ਕਰ ਦਿੱਤੇ ਗਏ ਹਨ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਡੱਲੇਵਾਲ ਨੂੰ ਜਾਣਕਾਰੀ ਦਿੰਦਿਆਂ ਪਾਣੀ ਪਿਲਾ ਦਿੱਤਾ। ਇਹ ਗੱਲ ਹਸਪਤਾਲ ਦੇ ਬਾਹਰ ਇਕ ਪ੍ਰੈਸ ਮਿਲਣੀ ਦੌਰਾਨ ਕਿਸਾਨ ਆਗੂ ਕਾਕਾ ਸਿੰਘ ਕੋਟਲਾ ਅਤੇ ਅਭਿਮਨਯੂ ਕੁਹਾੜ ਨੇ ਸਾਂਝੀ ਕੀਤੀ।