
ਚੰਡੀਗੜ੍ਹ, 3 ਮਾਰਚ- ਹਰਿਆਣਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਪੁਲਿਸ ਨੇ ਕਾਂਗਰਸ ਵਰਕਰ ਹਿਮਾਨੀ ਨਰਵਾਲ ਦੇ ਕਤਲ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਹਿਮਾਨੀ ਨਰਵਾਲ ਦੀ ਮਾਂ ਸਵਿਤਾ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਦੋਸ਼ੀ ਇਕ ਜਾਣਿਆ-ਪਛਾਣਿਆ ਵਿਅਕਤੀ ਹੈ, ਉਹ ਜਾਂ ਤਾਂ ਪਾਰਟੀ ਦਾ ਕੋਈ ਵਿਅਕਤੀ ਹੈ ਜਾਂ ਉਸ ਦੇ ਕਾਲਜ ਦਾ ਕੋਈ ਵਿਅਕਤੀ ਜਾਂ ਸਾਡਾ ਕੋਈ ਰਿਸ਼ਤੇਦਾਰ। ਸਿਰਫ਼ ਉਹ ਹੀ ਘਰ ਆ ਸਕਦੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਕਿਸੇ ਨੇ ਉਸ ਨਾਲ ਕੁਝ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਵਿਰੋਧ ਕੀਤਾ, ਜਿਸ ਕਾਰਨ ਇਹ ਹੋਇਆ। ਉਸ ਨੇ (ਹਿਮਾਨੀ) ਕੁਝ ਵੀ ਗਲਤ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਦੋਸ਼ੀ ਲਈ ਮੌਤ ਦੀ ਸਜ਼ਾ ਚਾਹੁੰਦੀ ਹਾਂ। ਸਰਕਾਰ ਵਲੋਂ ਹੁਣ ਤੱਕ ਕਿਸੇ ਨੇ ਵੀ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ। ਦੱਸ ਦੇਈਏ ਕਿ ਹਿਮਾਨੀ ਨਰਵਾਲ ਦੀ ਲਾਸ਼ 1 ਮਾਰਚ ਨੂੰ ਰੋਹਤਕ ਵਿਚ ਇਕ ਹਾਈਵੇਅ ਦੇ ਨੇੜੇ ਇਕ ਸੂਟਕੇਸ ਵਿਚੋਂ ਮਿਲੀ ਸੀ।