
ਕੁੱਪ ਕਲਾਂ (ਸੰਦੌੜ), 1 ਮਾਰਚ (ਮਨਜਿੰਦਰ ਸਿੰਘ ਸਰੌਦ, ਜਸਵੀਰ ਸਿੰਘ ਜੱਸੀ)-ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 2 ਨਵੰਬਰ 1984 ਨੂੰ ਹਰਿਆਣਾ ਦੇ ਪਿੰਡ ਹੋਂਦ ਚਿੱਲੜ, ਪਟੌਦੀ ਅਤੇ ਗੁੜਗਾਉਂ ਵਿਖੇ 79 ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਕੇ ਫੂਕ ਦਿੱਤਾ ਗਿਆ ਸੀ। ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਹੁਣ ਉਨ੍ਹਾਂ ਪੀੜਤ ਸਿੱਖ ਪਰਿਵਾਰਾਂ ਦੀਆਂ ਹਵੇਲੀਆਂ ਨੂੰ ਢਾਹ ਕੇ ਜ਼ਮੀਨ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕਮੇਟੀ ਦੇ ਆਗੂਆਂ ਨੇ ਜ਼ਿਲ੍ਹਾ ਰੇਵਾੜੀ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਪਿੰਡ ਦੀ ਨਿਸ਼ਾਨਦੇਹੀ ਕਰਨ ਦਾ ਭਰੋਸਾ ਦਿੱਤਾ ਹੈ। ਇਸ ਅਹਿਮ ਮਾਮਲੇ ਦੀ 4 ਮਾਰਚ ਨੂੰ ਮਾਨਯੋਗ ਹਾਈਕੋਰਟ ਵਿਖੇ ਸੁਣਵਾਈ ਹੋਣੀ ਹੈ।