
ਅਜਨਾਲਾ (ਅੰਮ੍ਰਿਤਸਰ), 1 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਭਲਾ ਪਿੰਡ ਦੇ ਸਰਪੰਚ ਜੈਮਲ ਸਿੰਘ ਸ਼ੈਰੀ ਅਤੇ ਤਲਵੰਡੀ ਭੰਗਵਾਂ ਦੇ ਸਰਪੰਚ ਮਨਜਿੰਦਰ ਕੌਰ ਦੇ ਪਤੀ ਸਰਬਜੀਤ ਸਿੰਘ ਆਪਣੇ ਦਰਜਨਾਂ ਸਮਰਥਕਾਂ ਸਮੇਤ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਅਜਨਾਲਾ ਸਥਿਤ ਪਾਰਟੀ ਦਫਤਰ ਵਿਖੇ ਕਰਵਾਏ ਸਾਦੇ ਸਨਮਾਨ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਰਪੰਚ ਜੈਮਲ ਸਿੰਘ ਸ਼ੈਰੀ, ਸਰਬਜੀਤ ਸਿੰਘ ਤਲਵੰਡੀ ਭੰਗਵਾਂ, ਸਾਹਿਬ ਸਿੰਘ ਸਾਰੰਗਦੇਵ ਚੇਅਰਮੈਨ, ਬਾਬਾ ਲਖਬੀਰ ਸ਼ਾਹ ਚੇਅਰਮੈਨ ਪੰਜਾਬ, ਲਵਪ੍ਰੀਤ ਸਿੰਘ ਅਤੇ ਬਾਬਾ ਰਿੰਕੂ ਸ਼ਾਹ ਚਮਿਆਰੀ ਸਮੇਤ ਹੋਰਨਾਂ ਨੂੰ ਪਾਰਟੀ ਚਿੰਨ ਵਾਲੇ ਮਫਲਰ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਭਲੇ ਲਈ ਲਗਾਤਾਰ ਕੰਮ ਕਰ ਰਹੀ ਹੈ, ਪਿੰਡਾਂ ਦਾ ਵਿਕਾਸ ਵੱਡੇ ਪੱਧਰ ਉੱਤੇ ਕੀਤਾ ਜਾ ਰਿਹਾ ਹੈ ਅਤੇ ਹੁਣ ਨਸ਼ੇ ਵਿਰੁੱਧ ਮੁਹਿੰਮ ਲਈ ਵੀ ਪੰਜਾਬ ਸਰਕਾਰ ਨੇ ਵਿਆਪਕ ਮੁਹਿੰਮ ਤਹਿਤ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰ ਦਿੱਤਾ ਹੈ।