

ਫ਼ਾਜ਼ਿਲਕਾ, 1 ਮਾਰਚ (ਪ੍ਰਦੀਪ ਕੁਮਾਰ)- ਨਸ਼ਿਆਂ ਦੇ ਖਿਲਾਫ਼ ਫ਼ਾਜ਼ਿਲਕਾ ਪੁਲਿਸ ਵਲੋਂ ਇਕ ਵੱਡੀ ਜੰਗ ਵਿੱਢੀ ਗਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਸ਼ਹਿਰਾਂ ਅਬੋਹਰ, ਜਲਾਲਾਬਾਦ, ਫ਼ਾਜ਼ਿਲਕਾ ਦੀਆਂ ਕਈ ਕਾਲੋਨੀਆਂ ਦੀ ਪੁਲਿਸ ਨੇ ਘੇਰਾਬੰਦੀ ਕੀਤੀ ਅਤੇ ਸ਼ੱਕੀ ਘਰਾਂ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦੀ ਅਗਵਾਈ ਆਈ.ਜੀ.ਬਲਜੋਤ ਸਿੰਘ ਰਾਠੌਰ ਅਤੇ ਐਸ.ਐਸ.ਪੀ.ਫ਼ਾਜ਼ਿਲਕਾ ਵਰਿੰਦਰ ਸਿੰਘ ਬਰਾੜ ਵਲੋਂ ਕੀਤੀ ਗਈ। ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਨੂੰ ਲੈ ਕੇ ਬਦਨਾਮ ਕਾਲੋਨੀਆਂ ਵਿਚੋਂ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ। ਆਈ.ਜੀ.ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ ਡੀ.ਜੀ.ਪੀ.ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਿਗਰਾਨੀ ਹੇਠ ਇਸ ਵਿਸ਼ੇਸ਼ ਮੁਹਿੰਮ ਨੂੰ ਵਿੱਢਿਆ ਗਿਆ ਹੈ। ਜਿਸ ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਦੇ 70 ਤੋਂ 80 ਪ੍ਰਤੀਸ਼ਤ ਪੁਲਿਸ ਮੁਲਾਜ਼ਮ ਇਸ ਮੁਹਿੰਮ ਵਿਚ ਲਗਾਏ ਗਏ ਹਨ, ਜੋ ਕਿ ਘਰਾਂ ਦੇ ਅੰਦਰ ਨਸ਼ੇ ਨੂੰ ਲੈ ਕੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਖਿਲਾਫ਼ ਵਿੱਢੀ ਮੁਹਿੰਮ ਵਿਚ ਲੋਕ ਪੁਲਿਸ ਦਾ ਸਾਥ ਦੇਣ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨਾਲ ਸਾਂਝਾ ਕਰਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।