

ਅਜਨਾਲਾ, ਹਰਸਾ ਛੀਨਾ (ਅੰਮ੍ਰਿਤਸਰ), 1 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ/ਕੜਿਆਲ)- ਬੀਤੀ ਸ਼ਾਮ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਵਿਚ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਤੇ ਪਸ਼ੂਆਂ ਦੇ ਹਰੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾਈ ਅਤੇ ਹਲਕਾ ਰਾਜਾਸਾਂਸੀ ਦੇ ਮੋਹਰੀ ਆਗੂ ਗੁਰਸ਼ਰਨ ਸਿੰਘ ਛੀਨਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜਲੇ ਖੇਤਰ ਵਿਚ ਕਣਕਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਗੜੇਮਾਰੀ ਕਾਰਨ ਨੁਕਸਾਨੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।