
ਹੈਦਰਾਬਾਦ, 18 ਫ਼ਰਵਰੀ - ਤੇਲੰਗਾਨਾ ਸਰਕਾਰ ਨੇ ਇਕ ਸਰਕਾਰੀ ਹੁਕਮ ਜਾਰੀ ਕੀਤਾ ਹੈ ਜਿਸ ਵਿਚ ਰਾਜ ਵਿਚ ਕੰਮ ਕਰਨ ਵਾਲੇ ਸਾਰੇ ਸਰਕਾਰੀ ਮੁਸਲਿਮ ਕਰਮਚਾਰੀਆਂ, ਅਧਿਆਪਕਾਂ, ਠੇਕੇ, ਆਊਟ-ਸੋਰਸਿੰਗ, ਬੋਰਡ, ਕਾਰਪੋਰੇਸ਼ਨਾਂ ਅਤੇ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ "ਰਮਜ਼ਾਨ" ਦੇ ਪਵਿੱਤਰ ਮਹੀਨੇ ਦੌਰਾਨ, ਯਾਨੀ 2 ਮਾਰਚ ਤੋਂ 31 ਮਾਰਚ (ਦੋਵੇਂ ਦਿਨ ਸ਼ਾਮਿਲ) ਸ਼ਾਮ 4.00 ਵਜੇ ਆਪਣੇ ਦਫ਼ਤਰ/ਸਕੂਲ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ, ਸਿਵਾਏ ਉਸ ਸਮੇਂ ਦੇ ਜਦੋਂ ਉਪਰੋਕਤ ਸਮੇਂ ਦੌਰਾਨ ਸੇਵਾਵਾਂ ਦੀ ਜ਼ਰੂਰਤ ਕਾਰਨ ਉਨ੍ਹਾਂ ਦੀ ਮੌਜੂਦਗੀ ਜ਼ਰੂਰੀ ਹੋਵੇ। ਇਹ ਹੁਕਮ ਸਰਕਾਰ ਦੇ ਮੁੱਖ ਸਕੱਤਰ ਸੰਥੀ ਕੁਮਾਰੀ ਦੁਆਰਾ ਜਾਰੀ ਕੀਤਾ ਗਿਆ ਹੈ।ਹਾਲਾਂਕਿ, ਭਾਜਪਾ ਨੇ ਇਸ ਕਦਮ ਨੂੰ ਸੂਬੇ ਦੇ ਮੁਸਲਿਮ ਭਾਈਚਾਰੇ ਨੂੰ ਖੁਸ਼ ਕਰਨ ਲਈ ਇਕ ਕਦਮ ਦੱਸ ਕੇ ਰਾਜ ਸਰਕਾਰ 'ਤੇ ਹਮਲਾ ਬੋਲਿਆ ਹੈ।