JALANDHAR WEATHER
ਪੰਜਾਬ ਦੇ ਸਾਰੇ ਲੋਕ ਕਰਨ ਕਿਸਾਨ ਅੰਦੋਲਨ ਦਾ ਸਰਮਥਨ- ਸਰਵਣ ਸਿੰਘ ਪੰਧੇਰ

ਫਗਵਾੜਾ, (ਕਪੂਰਥਲਾ), 30 ਜਨਵਰੀ- ਕਿਸਾਨ ਐਮ.ਐਸ.ਪੀ. ਅਤੇ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕਪੂਰਥਲਾ ਦੇ ਫਗਵਾੜਾ ਵਿਚ ਪ੍ਰੈਸ ਕਾਨਫ਼ਰੰਸ ਕੀਤੀ, ਜਿੱਥੇ ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਸਰਹੱਦ ਵੱਲ ਰਵਾਨਾ ਹੋ ਰਹੇ ਹਨ। ਪੰਧੇਰ ਨੇ ਕਿਹਾ ਕਿ ਇਹ ਸਮੂਹ ਅੱਜ ਮਾਝੇ ਤੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਰਵਾਨਾ ਹੋ ਰਿਹਾ ਹੈ। ਦੋਵੇਂ ਸਮੂਹਾਂ ਨੇ ਪਹਿਲਾਂ ਹੀ ਅੰਦੋਲਨ ਦਾ ਵਿਸਥਾਰ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ, ਦੋਆਬਾ ਤੋਂ ਇਕ ਸਮੂਹ ਅੱਜ ਮਾਝੇ ਦੀ ਸਰਹੱਦ ’ਤੇ ਪਹੁੰਚ ਰਿਹਾ ਹੈ। ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਹੈ, ਸਗੋਂ ਇਹ ਸਾਰੇ ਮਜ਼ਦੂਰਾਂ ਦਾ ਅੰਦੋਲਨ ਹੈ ਅਤੇ ਇਹ ਸਮਾਜ ਦੀ ਲੜਾਈ ਲੜ ਰਿਹਾ ਹੈ। ਕਾਰਪੋਰੇਟ ਕਾਰੋਬਾਰੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਛੋਟੇ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਪੰਧੇਰ ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਇਹ ਸੰਘਰਸ਼ ਜਾਰੀ ਰਹੇਗਾ ਅਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ