ਟਾਇਲ ਫੈਕਟਰੀ ਨੂੰ ਲੱਗੀ ਅੱਗ, 40 ਲੱਖ ਰੁਪਏ ਦਾ ਹੋਇਆ ਨੁਕਸਾਨ
ਗੁਰੂਹਰਸਹਾਏ (ਫਿਰੋਜ਼ਪੁਰ), 22 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਸ਼ਰੀਹ ਵਾਲਾ ਰੋਡ ਉਤੇ ਸਥਿਤ ਇਕ ਟਾਇਲ ਫੈਕਟਰੀ ਨੂੰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਰਕੇ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਟਾਇਲ ਫੈਕਟਰੀ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਸ਼ਰੀਹ ਵਾਲਾ ਰੋਡ ਉਤੇ ਉਸਦੀ ਟਾਇਲ ਫੈਕਟਰੀ ਹੈ, ਜਿਸ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਅੰਦਰ ਪਿਆ ਕਰੀਬ 40 ਲੱਖ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਉਸ ਨੇ ਦੱਸਿਆ ਕਿ ਰਾਤੀਂ ਕੰਮ ਕਰਦੇ ਮੁਲਾਜ਼ਮਾਂ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਵਿਚ ਅੱਗ ਲੱਗੀ ਹੈ, ਜਿਸ ਤੋਂ ਬਾਅਦ ਉਹ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਜਲਾਲਾਬਾਦ ਤੋਂ ਪਹੁੰਚੀ ਫਾਇਰ ਬ੍ਰਿਗੇਡ ਵਲੋਂ ਕਰੀਬ ਇਕ ਘੰਟੇ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ।