ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਡਾ. ਪ੍ਰਵੀਨ ਤੋਗੜੀਆ
ਤਲਵੰਡੀ ਸਾਬੋ, (ਬਠਿੰਡਾ), 8 ਜਨਵਰੀ (ਰਣਜੀਤ ਸਿੰਘ ਰਾਜੂ)- ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਹਨ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਤੋਗੜੀਆ ਨੇ ਸਥਾਨਕ ਨਗਰ ’ਚ ਹਿੰਦੂ ਪ੍ਰੀਸ਼ਦ ਵਲੋਂ ਰੱਖੀ ਇਕ ਇਕੱਤਰਤਾ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਈ ਕਿਸਮ ਦੀਆਂ ਵਿਵਾਦਤ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿਚ ਫਿਰ ਤੋਂ ਸ਼ਕਤੀਸ਼ਾਲੀ ਹਿੰਦੂ ਸਾਮਰਾਜ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਡੰਡੇ ਦੀ ਮਦਦ ਲਵਾਂਗੇ। ਉਨ੍ਹਾਂ ਨੇ ਹਿੰਦੂਵਾਦ ਲਈ 5 ਸੂਤਰੀ ਏਜੰਡਾ ਵੀ ਦੱਸਿਆ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਜਨਸੰਖਿਆ ਨਿਯੰਤਰਣ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਨੇ ਹਿੰਦੂਆਂ ਨੂੰ ਪ੍ਰਯਾਗਰਜ ਕੁੰਭ ’ਚ ਜ਼ਰੂਰ ਪੁੱਜਣ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਨਾਲ ਜੁੜਨ ਦੀ ਅਪੀਲ ਕੀਤੀ।