ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਘਰ ਵਿਚ ਹੀ ਕੀਤਾ ਨਜ਼ਰਬੰਦ
ਫ਼ਤਿਹਗੜ੍ਹ ਸਾਹਿਬ, 7 ਜਨਵਰੀ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ ਵਲੋਂ ਅੱਜ ਮੁਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਨਸਾਫ਼ ਮੋਰਚੇ ਦੌਰਾਨ ਸੱਦੇ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣੇ ਸਾਥੀਆਂ ਸਮਰਥਕਾਂ ਸਮੇਤ ਸ਼ਾਮਿਲ ਹੋਣਾ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਬਹਾਦਰ ਸਿੰਘ ਭਸੌੜ ਤੇ ਗੁਰਨਾਮ ਸਿੰਘ ਰਾਮਪੁਰਾ ਮੈਂਬਰ ਪੀ.ਸੀ.ਏ. ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਰਟੀ ਆਗੂਆਂ ਤੇ ਵਲੰਟੀਅਰਾਂ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਵਲੋਂ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਇਹ ਕਾਰਵਾਈ ਵਿਧਾਨਕ ਹੱਕਾਂ ਨੂੰ ਕੁਚਲਣ ਅਤੇ ਜ਼ਮਹੂਰੀਅਤ ਦੇ ਖਿਲਾਫ਼ ਹੈ।