ਕੁਰੂਕਸ਼ੇਤਰ ਯੂਨੀਵਰਸਿਟੀ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ
ਚੰਡੀਗੜ੍ਹ, 6 ਜਨਵਰੀ-ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਯਮੁਨਾ ਆਟੋ ਇੰਡਸਟਰੀ ਲਿਮਟਿਡ ਨੇ ਅੱਜ ਇਸ ਉਦੇਸ਼ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ 25 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਵਿਦਿਅਕ ਖੋਜ ਅਤੇ ਸੱਭਿਆਚਾਰਕ ਅਧਿਐਨ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਇਸ ਰਿਸਰਚ ਚੇਅਰ ਨੂੰ ਯਮੁਨਾ ਆਟੋ ਇੰਡਸਟਰੀ ਲਿਮਟਿਡ ਵਲੋਂ ਉਨ੍ਹਾਂ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਪ੍ਰੋਗਰਾਮ ਤਹਿਤ ਫੰਡ ਦਿੱਤਾ ਜਾਵੇਗਾ। ਇਸ ਮੌਕੇ ਸੈਰ-ਸਪਾਟਾ ਮੰਤਰੀ ਅਰਵਿੰਦ ਸ਼ਰਮਾ, ਚੇਅਰਮੈਨ ਯਮੁਨਾ ਇੰਡਸਟਰੀ ਰਣਦੀਪ ਸਿੰਘ ਜੌਹਰ ਅਤੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ ਵੀ ਮੌਜੂਦ ਰਹੇ। ਰਿਸਰਚ ਚੇਅਰ ਦੀ ਸਥਾਪਨਾ ਨਾਲ ਨਾ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਹੋਵੇਗਾ, ਸਗੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਵਿਦਿਅਕ ਅਤੇ ਖੋਜ ਦੇ ਮੌਕਿਆਂ ਨੂੰ ਪ੍ਰੋਤਸਾਹਨ ਮਿਲੇਗਾ।