ਸਕੂਲ ਵੈਨ ਤੇ ਨਿੱਜੀ ਬੱਸ ਦੀ ਟੱਕਰ, ਵਿਦਿਆਰਥਣ ਦੀ ਮੌਤ
ਫਰੀਦਕੋਟ, 19 ਦਸੰਬਰ, (ਜਸਵੰਤ ਸਿੰਘ ਪੁਰਬਾ)- ਅੱਜ ਤੜਕਸਾਰ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ’ਤੇ ਇਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਇਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਵਲੋਂ ਇਕ ਸਕੂਲ ਵੈਨ ਨੂੰ ਸਿੱਧੀ ਟੱਕਰ ਮਾਰ ਦਿੱਤੀ ਗਈ। ਸਕੂਲ ਵੈਨ ਵਿਚ ਸਵਾਰ ਛੇ ਬੱਚਿਆਂ ’ਚੋਂ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਇਸ ਟੱਕਰ ਵਿਚ ਵੈਨ ਚਾਲਕ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹਨ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਦਸਤੇ ਅਤੇ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਵਲੋਂ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਅੰਮ੍ਰਿਤਸਰ ਪਾਸੇ ਤੋਂ ਆ ਰਹੀ ਇਕ ਨਿੱਜੀ ਬੱਸ ਬਹੁਤ ਹੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ਨੇ ਸਾਹਮਣੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਪਹੁੰਚੇ ਐਸ.ਐਸ.ਪੀ. ਫਰੀਦਕੋਟ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੀ ਮੌਜੂਦ ਸਨ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਦੱਸਿਆ ਕਿ ਬੱਚਿਆਂ ਤੇਜ਼ ਰਫਤਾਰ ਬੱਸ ਵਾਲੇ ਡਰਾਈਵਰ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।