ਰਾਜਧਾਨੀ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ
ਨਵੀਂ ਦਿੱਲੀ, 19 ਦਸੰਬਰ- ਪਹਾੜਾਂ ’ਤੇ ਹੋਈ ਬਰਫਬਾਰੀ ਨੇ ਦਿੱਲੀ ’ਚ ਠੰਢ ਵਧਾ ਦਿੱਤੀ ਹੈ। ਤਾਪਮਾਨ ਘੱਟਣ ਨਾਲ ਧੁੰਦ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਸਵੇਰ ਤੋਂ ਹੀ ਕੁਝ ਥਾਵਾਂ ’ਤੇ ਧੁੰਦ ਛਾਈ ਹੋਈ ਹੈ ਅਤੇ ਸ਼ਾਮ ਅਤੇ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਲਕੇ ਵੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ-ਐੱਨ.ਸੀ.ਆਰ. ’ਚ ਅੱਜ ਸਵੇਰੇ ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਘੱਟ ਗਈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਨਜਫਗੜ੍ਹ ਵਿਚ ਘਟੋ-ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅਯਾ ਨਗਰ ’ਚ ਘਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ, ਲੋਧੀ ਰੋਡ ’ਚ 7.0, ਪਾਲਮ ’ਚ 7.4 ਅਤੇ ਰਿੱਜ ’ਚ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।