ਪਾਵਰਕਾਮ ਸੀ. ਐਚ. ਬੀ. ਕਾਮਿਆਂ ਨੇ ਰਿਟਾਇਰਮੈਂਟ ਮੁਲਾਜ਼ਮਾਂ ਨੂੰ ਭਰਤੀ ਕਰਨ ਦੇ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ
ਕੋਟਫ਼ਤੂਹੀ (ਹੁਸ਼ਿਆਰਪੁਰ), 3 ਦਸੰਬਰ (ਅਵਤਾਰ ਸਿੰਘ ਅਟਵਾਲ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਉਪ ਮੰਡਲ ਪਾਲਦੀ ਕੈਪ ਕੋਟਫ਼ਤੂਹੀ ਵਿਖੇ ਪਾਵਰਕਾਮ ਮੈਨੇਜਮੈਂਟ ਵਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਭਰਤੀ ਕਰਨ ਦੇ ਜਾਰੀ ਕੀਤੇ ਪੱਤਰ ਸਾੜੇ ਗਏ। ਇਸ ਮੌਕੇ ਮਾਹਿਲਪੁਰ ਡਵੀਜ਼ਨ ਪ੍ਰਧਾਨ ਸੇਵਕ ਤੇ ਮੀਤ ਪ੍ਰਧਾਨ ਦਲਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨਿੱਜੀਕਰਨ ਦੇ ਹੱਲੇ ਨੂੰ ਲਗਾਤਾਰ ਤੇਜ਼ ਕਰ ਰਹੀ ਹੈ। ਆਊਟ ਸੋਰਸ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਨਵੀਂ ਭਰਤੀ ਕਰਨ ਦੀ ਥਾਂ ਰਿਟਾਇਰਮੈਂਟ ਮੁਲਾਜ਼ਮਾਂ ਨੂੰ ਭਰਤੀ ਕਰਨ ਦੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਅੱਜ ਪਾਵਰਕਾਮ ਮੈਨੇਜਮੈਂਟ ਵਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਨੂੰ ਸਾੜਿਆ ਗਿਆ ਅਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਨੇ ਰਿਟਾਇਰਮੈਂਟ ਭਰਤੀ ਕੀਤੀ ਅਤੇ ਆਊਟ ਸੋਰਸ ਠੇਕਾ ਕਾਮਿਆਂ ਨੂੰ ਰੈਗੂਲਰ ਨਾ ਕੀਤਾ ਤਾਂ ਜਥੇਬੰਦੀ ਪਰਿਵਾਰਾਂ ਤੇ ਬੱਚਿਆਂ ਸਮੇਤ ਤਿੱਖਾ ਸੰਘਰਸ਼ ਕਰੇਗੀ ਕਿਉਂਕਿ ਬਿਜਲੀ ਅਦਾਰੇ ਦੀ ਸਪਲਾਈ ਨੂੰ ਬਹਾਲ ਰੱਖਣ ਲਈ ਸੀ. ਐਚ. ਬੀ. ਸੀ. ਐਚ. ਡਬਲਿਊ. ਅਤੇ ਸੀ. ਐਚ. ਐਚ. ਕਾਮਿਆਂ ਦਾ ਵੱਡਾ ਯੋਗਦਾਨ ਹੈ। ਬਿਜਲੀ ਸਪਲਾਈ ਨੂੰ ਬਹਾਲ ਕਰਦਿਆਂ ਅਨੇਕਾਂ ਕਾਮੇ ਮੌਤ ਦੇ ਮੂੰਹ ਪੈ ਗਏ ਅਤੇ ਅਨੇਕਾਂ ਹੀ ਕਾਮੇ ਅਪੰਗ ਹੋ ਗਏ ਜਿਨ੍ਹਾਂ ਨੂੰ ਸਰਕਾਰ ਨੇ ਨਾ ਤਾਂ ਮੁਆਵਜ਼ੇ ਦੀ ਗਾਰੰਟੀ ਅਤੇ ਨਾ ਹੀ ਨੌਕਰੀ ਦੀ ਗਾਰੰਟੀ ਦਿੱਤੀ ਹੈ।