ਸਿੰਘ ਸਾਹਿਬਾਨ ਵਲੋਂ ਅਕਾਲੀ ਲੀਡਰਸ਼ਿਪ ਸੰਬੰਧੀ ਲਿਆ ਫੈਸਲਾ ਕੌਮ ਦੀ ਬਿਹਤਰੀ ਵਾਲਾ
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਬੀਤੇ ਦਿਨ ਸੁਣਾਇਆ ਗਿਆ ਫੈਸਲਾ ਕੌਮ ਦੀ ਬਿਹਤਰੀ ਲਈ ਲਿਆ ਗਿਆ। ਇਹ ਸਹਿਜ ਸੁਭਾਅ ਵਾਲਾ ਫੈਸਲਾ ਹੈ ਤੇ ਇਸ ਫੈਸਲੇ ਦੀ ਲੰਬੇ ਸਮੇਂ ਤੋਂ ਉਡੀਕ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਅਕਾਲੀ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਅਕਾਲੀ ਦਲ ਹਾਸ਼ੀਏ ਉਤੇ ਆ ਗਿਆ ਸੀ ਤੇ ਸਿੰਘ ਸਾਹਿਬਾਨ ਦੇ ਫੈਸਲੇ ਨਾਲ ਅਕਾਲੀ ਦਲ ਹੋਰ ਮਜ਼ਬੂਤ ਤੇ ਚੜ੍ਹਦੀ ਕਲਾ ਵਿਚ ਹੋਵੇਗਾ। ਇਸ ਮੌਕੇ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਲਹਿਰ ਪੰਜਾਬ ਅਤੇ ਹੋਰ ਆਗੂ ਵੀ ਹਾਜ਼ਰ ਸਨ। ਬਾਅਦ ਵਿਚ ਸਰਦਾਰ ਕਾਲਕਾ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।