ਗੁਯਾਨਾ ਪੁੱਜੇ ਪ੍ਰਧਾਨ ਮੰਤਰੀ ਮੋਦੀ
ਗੁਯਾਨਾ, 20 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਵਿਚ ਜੀ 20 ਬੈਠਕ ਤੋਂ ਬਾਅਦ ਅੱਜ ਕੈਰੇਬਿਆਈ ਦੇਸ਼ ਗੁਯਾਨਾ ਪੁੱਜੇ, ਜਿਥੇ ਗੁਆਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਤੇ ਦਰਜਨ ਤੋਂ ਵੱਧ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਗੁਯਾਨਾ ਦੀ ਸੰਸਦ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਹ ਦੂਜੇ ਭਾਰਤ-ਕੈਰੀਕਾਮ ਸੰਮੇਲਨ ਲਈ ਕੈਰੇਬੀਅਨ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਥੇ ਪੁੱਜਣ ’ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 56 ਸਾਲਾਂ ਵਿਚ ਗੁਯਾਨਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ।