ਪਿੰਡ ਬੋਪਾਰਾਏ ਤੋਂ 23ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ
ਭੁਲੱਥ (ਕਪੂਰਥਲਾ), 17 ਨਵੰਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਬੋਪਾਰਾਏ 'ਚ ਗੁਰਦੁਆਰਾ ਧੰਨ ਧੰਨ ਬਾਬਾ ਹੁੰਦਲ ਜੀ, ਐਨ.ਆਰ.ਆਈ. ਵੀਰ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਵਿਸ਼ਾਲ ਸਾਲਾਨਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ। ਨਗਰ ਕੀਰਤਨ ਹੁੰਦਾਲ ਸਰੋਵਰ ਤੋਂ ਆਰੰਭ ਹੋ ਕੇ ਪਿੰਡ ਬਜਾਜ, ਭੱਠਾ, ਬੁੱਟਰਾਂ, ਜਮਾਲਪੁਰ, ਸੁਦਾਣਾ ਤੋਂ ਬੁਲੋਵਾਲ ਹੁੰਦਾ ਹੋਇਆ ਵਾਪਿਸ ਬੋਪਾਰਾਏ ਪੁੱਜਾ। ਇਸ ਮੌਕੇ ਪਿੰਡ ਬਜਾਜ ਅਤੇ ਫਤਿਹਪੁਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਿੰਡ ਸੁਦਾਣਾ ਦੀਆਂ ਸੰਗਤਾਂ ਵਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੌਰਾਨ ਪੰਜਾਬ ਦੇ ਮਸ਼ਹੂਰ ਰਾਗੀ ਜਥੇ, ਢਾਡੀ ਜਥੇ ਅਤੇ ਕਵੀਸ਼ਰੀ ਜਥੇ ਵਲੋਂ ਸ਼ਬਦ ਕੀਰਤਨ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸਰਵਣ ਕਰਵਾਇਆ ਗਿਆ। ਥਾਂ-ਥਾਂ 'ਤੇ ਨਗਰ ਕੀਰਤਨ ਵਿਚ ਸੰਗਤਾਂ ਲਈ ਲੰਗਰ ਵੀ ਲਗਾਏ ਗਏ। ਮੁੱਖ ਪ੍ਰਬੰਧਕ ਸੰਤ ਬਾਬਾ ਰਾਜਿੰਦਰਪਾਲ ਸਿੰਘ ਜੰਡਿਆਲਾ ਗੁਰੂ ਵਾਲੇ ਉਚੇਚੇ ਤੌਰ 'ਤੇ ਪਹੁੰਚੇ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ।