ਛੱਤੀਸਗੜ੍ਹ: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਗੋਲੀਬਾਰੀ, 3 ਨਕਸਲੀ ਢੇਰ
ਰਾਏਪੁਰ, 16 ਨਵੰਬਰ- ਛੱਤੀਸਗੜ੍ਹ ਦੇ ਕਾਂਕੇਰ ਅਤੇ ਨਰਾਇਣਪੁਰ ਨੇੜੇ ਮਹਾਰਾਸ਼ਟਰ ਦੀ ਸਰਹੱਦ ’ਤੇ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਤਿੰਨ ਨਕਸਲੀ ਮਾਰੇ ਗਏ ਹਨ। ਕੁਝ ਨਕਸਲੀ ਜ਼ਖਮੀ ਵੀ ਹੋਏ ਹਨ। ਕਾਂਕੇਰ ਦੇ ਐਸ.ਪੀ. ਆਈ.ਕੇ. ਅਲੇਸੇਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਸਤਰ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਡੀ.ਆਰ.ਜੀ. ਜਵਾਨਾਂ ਅਤੇ ਮਹਾਰਾਸ਼ਟਰ ਦੇ ਸੀ-60 ਕਮਾਂਡੋਜ਼ ਨੇ ਨਕਸਲੀ ਸੰਗਠਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਅਭੈ ਨੂੰ ਘੇਰਨ ਲਈ ਇਕ ਵੱਡਾ ਅਭਿਆਨ ਚਲਾਇਆ ਹੈ। ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਤੋਂ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਨਾਰਾਇਣਪੁਰ ਅਤੇ ਕਾਂਕੇਰ ਦੇ ਨਾਲ ਲੱਗਦੇ ਉੱਤਰੀ ਅਬੂਝਮਾਦ ਵਿਚ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ ’ਤੇ ਡੀ.ਆਰ.ਜੀ., ਐਸ.ਟੀ.ਐਫ਼., ਬੀ.ਐਸ.ਐਫ਼. ਦੀ ਇਕ ਸਾਂਝੀ ਟੀਮ ਭੇਜੀ ਗਈ ਸੀ, ਜਿਸ ਵਿਚ ਸਵੇਰੇ 8 ਵਜੇ ਸ਼ੁਰੂ ਹੋਇਆ ਮੁਕਾਬਲਾ ਕਰੀਬ 3 ਘੰਟੇ ਤੱਕ ਰੁਕ-ਰੁਕ ਕੇ ਚੱਲਦਾ ਰਿਹਾ। ਨਕਸਲੀਆਂ ਨੂੰ ਇਸ ਇਲਾਕੇ ਤੋਂ ਮਹਾਰਾਸ਼ਟਰ ਵੱਲ ਭੱਜਣ ਤੋਂ ਰੋਕਣ ਲਈ ਕਾਂਕੇਰ ਜ਼ਿਲ੍ਹੇ ਨਾਲ ਲੱਗਦੇ ਗੜ੍ਹਚਿਰੌਲੀ ਇਲਾਕੇ ਵਿੱਚ ਸੀ-60 ਕਮਾਂਡੋ ਤਾਇਨਾਤ ਕੀਤੇ ਗਏ ਹਨ। ਪੁਲਿਸ ਨੂੰ ਪੁਖਤਾ ਸੂਚਨਾ ਮਿਲੀ ਸੀ ਕਿ ਮਹਾਰਾਸ਼ਟਰ ਦੀ ਸਰਹੱਦ ’ਤੇ ਕਾਂਕੇਰ ਅਤੇ ਨਰਾਇਣਪੁਰ ਜ਼ਿਲਿਆਂ ਦੀ ਸਰਹੱਦ ’ਤੇ ਨਕਸਲੀ ਨੇਤਾ ਅਭੈ ਸਮੇਤ ਵੱਡੀ ਗਿਣਤੀ ’ਚ ਨਕਸਲੀ ਮੌਜੂਦ ਹਨ। ਜਿਸ ਤੋਂ ਬਾਅਦ ਫੋਰਸ ਨੂੰ ਰਵਾਨਾ ਕੀਤਾ ਗਿਆ। ਅੱਜ ਸਵੇਰੇ ਜਦੋਂ ਦੋਵਾਂ ਰਾਜਾਂ ਦੇ ਪੁਲਿਸ ਬਲ ਅਬੂਝਾਮਦ ਦੇ ਜੰਗਲ ਵਿਚ ਨਕਸਲੀਆਂ ਦੇ ਟਿਕਾਣੇ ’ਤੇ ਪਹੁੰਚੇ ਤਾਂ ਨਕਸਲੀਆਂ ਨੇ ਜਵਾਨਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।