ਸੰਤ ਘਾਟ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਸ਼ੁਰੂ
ਸੁਲਤਾਨਪੁਰ ਲੋਧੀ, (ਕਪੂਰਥਲਾ), 14 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਮਨੀਸ਼)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਆਰੰਭ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਨੂੰ ਬਹੁਤ ਸੁੰਦਰ ਫੁੱਲਾਂ ਨਾਲ ਤਿਆਰ ਕੀਤੀ ਪਾਲਕੀ ਸਾਹਿਬ ਵਿਚ ਸਜਾਇਆ। ਰਸਤੇ ਵਿਚ ਸੰਗਤਾਂ ਵਲੋਂ ਨਗਰ ਕੀਰਤਨ ਨੂੰ ਨਤਮਸਤਕ ਹੁੰਦਿਆਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਗਤਕਾ ਪਾਰਟੀਆਂ ਆਪਣੇ ਕਰਤੱਵਾਂ ਨਾਲ ਜੰਗੀ ਨਜ਼ਾਰਾ ਪੇਸ਼ ਕਰ ਰਹੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ ਦਿੱਤਾ। ਵੱਖ ਵੱਖ ਸੇਵਾ ਸੁਸਾਇਟੀਆਂ ਵਲੋਂ ਨਗਰ ਕੀਰਤਨ ਦੌਰਾਨ ਗੁਰਬਾਣੀ ਦਾ ਜਾਪ ਕੀਤਾ ਜਾ ਰਿਹਾ ਹੈ। ਇਸ ਮੌਕੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ, ਮੈਨੇਜਰ ਗੁਰਬਖਸ਼ ਸਿੰਘ ਬੱਚੀਵਿੰਡ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ।