ਪੱਕੀ ਦਾਣਾ ਮੰਡੀ ਭੁਲੱਥ 'ਚ ਲੱਗੀਆਂ ਝੋਨੇ ਦੀਆਂ ਢੇਰੀਆਂ ਬਾਰਿਸ਼ ਪੈਣ ਨਾਲ ਭਿੱਜੀਆਂ
ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਪੱਕੀ ਦਾਣਾ ਮੰਡੀ ਵਿਖੇ ਕਿਸਾਨਾਂ ਵਲੋਂ ਲਿਆਂਦੇ ਗਏ ਝੋਨੇ ਦੀਆਂ ਢੇਰੀਆਂ ਬੀਤੀ ਰਾਤ ਬਾਰਿਸ਼ ਹੋਣ ਕਰਕੇ ਭਿੱਜ ਕੇ ਖਰਾਬ ਹੋ ਰਹੀਆਂ ਹਨ। ਪੱਕੀ ਦਾਣਾ ਮੰਡੀ ਵਿਚ ਤੁਲਾਈ ਤੇ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਵਲੋਂ ਲਿਆਂਦਾ ਗਿਆ ਝੋਨਾ ਰੁਲਦਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਆੜ੍ਹਤੀ ਯੂਨੀਅਨ ਵਲੋਂ ਕੀਤੀ ਗਈ ਹੜਤਾਲ ਦੇ ਚਲਦਿਆਂ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਜਾਪ ਰਿਹਾ ਹੈ। ਆੜ੍ਹਤੀ ਯੂਨੀਅਨ ਭੁਲੱਥ ਦੇ ਆਗੂਆਂ ਨੇ ਕਿਹਾ ਕਿ ਅੱਜ ਛੇਵੇਂ ਦਿਨ ਵੀ ਮੰਡੀਆਂ ਚ ਆੜ੍ਹਤੀ ਯੂਨੀਅਨ ਵਲੋਂ ਹੜਤਾਲ ਜਾਰੀ ਹੈ ਤੇ ਇਹ ਸੱਦਾ ਆੜ੍ਹਤੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੜਤਾਲ ਦੌਰਾਨ ਕਿਸਾਨਾਂ ਦਾ ਮਾਲ ਮੰਡੀ ਵਿਚ ਢੇਰੀ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਤੁਲਾਈ ਕੀਤੀ ਜਾਵੇਗੀ ।ਦੂਜੇ ਪਾਸੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਝੋਨੇ ਦੀ ਫ਼ਸਲ ਕੱਟੇ ਜਾਣ ਉਪਰੰਤ ਮੰਡੀਆਂ ਵਿਚ ਝੋਨਾ ਲਿਆਉਣ ਲਈ ਕਿਸਾਨਾਂ ਨੂੰ ਮਾਨਸਿਕ ਪਰੇਸ਼ਾਨੀ ਚੋਂ ਲੱਗਣਾ ਪੈ ਰਿਹਾ ਹੈ ।ਬੀਤੀ ਰਾਤ ਭੁਲੱਥ ਇਲਾਕੇ ਅੰਦਰ ਬੇਮੌਸਮੀ ਬਾਰਿਸ਼ ਤੇ ਤੇਜ਼ ਤੂਫਾਨ ਨਾਲ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਖੇਤਾਂ ਵਿਚ ਹੀ ਲੰਮੀਆਂ ਪੈ ਗਈਆਂ ਹਨ, ਜਿਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ।