ਭਾਰਤੀ ਸਰਹੱਦ 'ਤੇ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਨੂੰ ਦਰਸਾਉਂਦਾ ਟੀਜ਼ਰ ਬਰੋਸ਼ਰ ਅਟਾਰੀ ਸਰਹੱਦ 'ਤੇ ਜਾਰੀ
ਅਟਾਰੀ (ਅੰਮ੍ਰਿਤਸਰ), 6 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅਟਾਰੀ ਸਰਹੱਦ ਵਿਖੇ ਭਾਰਤ ਦੇ ਸਭ ਤੋਂ ਉੱਚੇ ਰਾਸ਼ਟਰੀ ਝੰਡੇ ਨੂੰ ਦਰਸਾਉਂਦਾ ਟੀਜ਼ਰ ਅਤੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਪਿਕਟੋਰੀਅਲ ਬਰੋਸ਼ਰ ਅੱਜ ਬੀ.ਐਸ.ਐਫ. ਦੇ ਡਿਪਟੀ ਕਮਾਂਡੈਂਟ ਦਵਿੰਦਰਪਾਲ ਸਿੰਘ ਤੇ ਬੀ.ਐਸ.ਐਫ. ਜਵਾਨਾਂ ਵਲੋਂ ਸਾਂਝੇ ਤੌਰ ਉਤੇ ਭਾਰਤੀ ਸਰਹੱਦ ਵਿਖੇ ਆਯੋਜਿਤ ਸਮਾਗਮ ਦੌਰਾਨ ਜਾਰੀ ਕੀਤਾ ਗਿਆ। ਟੀਜ਼ਰ ਸੱਚੇ ਦੇਸ਼ ਭਗਤੀ ਦੇ ਢਾਂਚੇ ਨੂੰ ਸੁੰਦਰਤਾ ਨਾਲ ਉਜਾਗਰ ਕਰਦਾ ਹੈ ਤੇ ਸਭ ਤੋਂ ਉੱਚੇ 418 ਫੁੱਟ ਫਲੈਗਪੋਲ ਦੇ ਨਾਲ ਭਾਰਤ ਦਾ ਤਿਰੰਗਾ ਝੰਡਾ ਚਾਰ ਫੁੱਟ ਦੀ ਚੌਕੀ 'ਤੇ ਖੜ੍ਹਾ ਹੈ, ਇਸ ਨੂੰ ਅਟਾਰੀ ਸਰਹੱਦ 'ਤੇ ਇਕ ਪ੍ਰਮੁੱਖ ਅੱਖ ਖਿੱਚਣ ਵਾਲਾ ਸਮਾਰਕ ਬਣਾਉਂਦਾ ਹੈ। ਜਾਣਕਾਰੀ ਅਨੁਸਾਰ ਲਗਭਗ 200 ਕਿਲੋ ਵਜ਼ਨ, ਲੰਬਾਈ 130 ਫੁੱਟ ਅਤੇ ਚੌੜਾਈ 80 ਫੁੱਟ, ਸਰਹੱਦ ਪਾਰ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚੇ ਇਸ ਰਾਸ਼ਟਰੀ ਝੰਡੇ ਨੂੰ ਉੱਘੇ ਕੁਦਰਤ ਕਲਾਕਾਰ ਅਤੇ ਹੈਰੀਟੇਜ ਪ੍ਰਮੋਟਰ ਹਰਪ੍ਰੀਤ ਸੰਧੂ ਦੇ ਕੈਮਰੇ ਦੇ ਲੈਂਜ਼ ਰਾਹੀਂ ਕੈਦ ਕੀਤਾ ਗਿਆ।