ਬੰਗਲਾਦੇਸ਼: ਹਿੰਸਕ ਝੜਪਾਂ ਵਿਚ 97 ਦੀ ਮੌਤ, ਪ੍ਰਦਰਸ਼ਨਕਾਰੀ ਵਲੋਂ ਅੱਜ ‘ਲਾਂਗ ਮਾਰਚ’ ਦਾ ਸੱਦਾ
ਢਾਕਾ, 5 ਅਗਸਤ- ਬੰਗਲਾਦੇਸ਼ ਵਿਚ ਰਾਖਵੇਂਕਰਨ ਵਿਰੁੱਧ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਬੀਤੇ ਦਿਨ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਸੜ੍ਹਕਾਂ ’ਤੇ ਉਤਰ ਆਏ। ਇਸ ਦੌਰਾਨ ਕਈ ਥਾਵਾਂ ’ਤੇ ਉਨ੍ਹਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ। ਇਸ ਵਿਚ 97 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 500 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਸਰਕਾਰ ਨੇ ਹਿੰਸਾ ’ਤੇ ਕਾਬੂ ਪਾਉਣ ਲਈ ਦੇਸ਼ ਭਰ ’ਚ ਕਰਫਿਊ ਲਗਾ ਦਿੱਤਾ ਹੈ ਨਾਲ ਹੀ ਅਗਲੇ 3 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ ਢਾਕਾ ਤੱਕ ‘ਲਾਂਗ ਮਾਰਚ’ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਇਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬੰਦ ਦੌਰਾਨ ਸਿਰਫ਼ ਬਹੁਤ ਹੀ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਹੋਵੇਗੀ। ਇਸ ਦੇ ਲਈ ਚੀਫ਼ ਜਸਟਿਸ ਐਮਰਜੈਂਸੀ ਬੈਂਚ ਦਾ ਗਠਨ ਕਰਨਗੇ।