ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਸਾਈਬਰ ਠੱਗਾਂ ਤੋਂ 100 ਕਰੋੜ ਰੁਪਏ ਬਰਾਮਦ
ਮੁੰਬਈ ,4 ਅਗਸਤ- ਮੁੰਬਈ ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਤੋਂ ਲਗਪਗ 100 ਕਰੋੜ ਰੁਪਏ ਬਰਾਮਦ ਕੀਤੇ ਹਨ। ਸਾਈਬਰ ਅਪਰਾਧੀਆਂ ਨੇ ਸੱਤ ਮਹੀਨਿਆਂ ਵਿਚ ਲੋਕਾਂ ਨਾਲ ਇਸ ਰਕਮ ਦੀ ਠੱਗੀ ਮਾਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਧੋਖੇਬਾਜ਼ਾਂ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੀੜਤਾਂ ਨੇ ਹੈਲਪਲਾਈਨ ਨੰਬਰ 1930 ਰਾਹੀਂ ਮੁੰਬਈ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਅਪਰਾਧ ਸ਼ਾਖਾ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਆਨਲਾਈਨ ਧੋਖਾਧੜੀ ਦੇ 35,918 ਮਾਮਲਿਆਂ 'ਤੇ ਕਾਰਵਾਈ ਕੀਤੀ ਗਈ ਹੈ। ਇਹ ਮਾਮਲੇ ਸ਼ੇਅਰ ਵਪਾਰ, ਨਿਵੇਸ਼ ਸਕੀਮਾਂ, ਕੋਰੀਅਰ ਕਾਲਾਂ, ਡਿਜੀਟਲ ਗਿ੍ਫ਼ਤਾਰੀ ਦੀਆਂ ਧਮਕੀਆਂ, ਆਨਲਾਈਨ ਲੈਣ-ਦੇਣ ਨਾਲ ਸੰਬੰਧਿਤ ਸਨ। ਮੁਲਜ਼ਮਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵਿੱਤੀ ਧੋਖਾਧੜੀ ਨਾਲ ਸੰਬੰਧਿਤ ਕਿਸੇ ਵੀ ਸ਼ਿਕਾਇਤ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਨੰਬਰ 1930 ਦੀ ਵਰਤੋਂ ਕਰਨ ਦੀ ਅਪੀਲ ਕੀਤੀ।