ਸ਼ਹਿਰ ਦੇ ਕੰਮ ਨਾ ਹੋਣ ਤੋਂ ਅੱਕੇ ਕੌਂਸਲਰਾਂ ਨੇ ਕਾਰਜਸਾਧਕ ਖਿਲਾਫ ਲਾਇਆ ਧਰਨਾ
ਤਪਾ ਮੰਡੀ, 5 ਅਗਸਤ (ਵਿਜੇ ਸ਼ਰਮਾ)-ਸਥਾਨਕ ਨਗਰ ਕੌਂਸਲ ਦੇ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਨਾ ਹੋਣ ਅਤੇ ਕਿਸੇ ਕੌਂਸਲਰ ਦੀ ਗੱਲ ਨਾ ਸੁਣਨ ਕਾਰਨ ਕਾਰਜਸਾਧਕ ਖਿਲਾਫ ਧਰਨਾ ਦੇ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕੌਂਸਲਰ ਧਰਮਪਾਲ ਸ਼ਰਮਾ, ਹਰਦੀਪ ਸਿੰਘ ਪੁਰਬਾ ਆਦਿ ਨੇ ਕਿਹਾ ਕਿ ਨਗਰ ਕੌਂਸਲ ਦਾ ਕਾਰਜਸਾਧਕ ਆਸ਼ੀਸ਼ ਕੁਮਾਰ ਕੌਂਸਲਰਾਂ ਨਾਲ ਪੱਖਪਾਤ ਕਰਦਾ ਹੈ ਅਤੇ ਕਿਸੇ ਵੀ ਵਾਰਡ ਵਿਚ ਕੰਮ ਨਹੀਂ ਕਰਵਾ ਰਿਹਾ, ਜਿਸ ਤੋਂ ਅੱਕ ਕੇ ਕੌਂਸਲਰਾਂ ਵਲੋਂ ਧਰਨਾ ਦੇਣਾ ਪਿਆ ਕਿਉਂਕਿ ਸ਼ਹਿਰ ਵਿਚ ਸੀਵਰੇਜ ਅਤੇ ਸਟਰੀਟ ਲਾਈਟਾਂ ਦਾ ਕਾਫੀ ਬੁਰਾ ਹਾਲ ਹੋਇਆ ਪਿਆ ਹੈ, ਜਿਸ ਸੰਬੰਧੀ ਕਾਰਜਸਾਧਕ ਅਫਸਰ ਨੂੰ ਵਾਰ-ਵਾਰ ਕਹਿਣ ਉਤੇ ਵੀ ਸ਼ਹਿਰ ਦੇ ਕੰਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਕੋਈ ਵੀ ਗਰਾਂਟ ਨਹੀਂ ਆ ਰਹੀ, ਜੋ ਗਰਾਂਟ ਆਈ ਸੀ, ਉਹ ਵਾਪਸ ਹੋ ਗਈ ਹੈ। ਕਾਰਜਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।