JALANDHAR WEATHER

ਪਾਕਿ 'ਚ ਗੁਰਦੁਆਰਾ ਸਿੰਘ ਸਭਾ ਫੈਸਲਾਬਾਦ ਨੂੰ ਮੁੜ ਆਬਾਦ ਕਰਨ ਦਾ ਵਿਰੋਧ ਕਰਨ ਵਾਲੇ ਮੁਸਲਿਮ ਆਗੂ ਨੇ ਮੰਗੀ ਜਨਤਕ ਤੌਰ 'ਤੇ ਮਾਫ਼ੀ

ਫੈਸਲਾਬਾਦ, 29 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ 'ਚ ਦੇਸ਼ ਦੀ ਵੰਡ ਦੇ ਬਾਅਦ ਤੋਂ ਬੰਦ ਪਏ ਗੁਰਦੁਆਰੇ ਨੂੰ ਮੁੜ ਆਬਾਦ ਕਰਨ ਦਾ ਵਿਰੋਧ ਕਰਨ ਵਾਲੇ ਚੇਅਰਮੈਨ ਸੁਪਰੀਮ ਅੰਜੁਮਨ-ਏ-ਤਾਜਰਾਨ ਅਤੇ ਸ਼ਹਿਰ ਦੇ ਸਾਬਕਾ ਡਿਪਟੀ ਮੇਅਰ ਅਮੀਨ ਬੱਟ ਨੇ ਹੁਣ ਵੀਡੀਓ ਜਾਰੀ ਕਰਕੇ ਸਮੁੱਚੇ ਸਿੱਖ ਭਾਈਚਾਰੇ ਤੋਂ ਜਨਤਕ ਤੌਰ 'ਤੇ ਮਾਫ਼ੀ ਮੰਗੀ ਹੈ ਅਤੇ ਨਾਲ ਹੀ ਆਪਣੇ ਪਹਿਲਾਂ ਦਿੱਤੇ ਬਿਆਨ 'ਤੇ ਸ਼ਰਮਿੰਦਗੀ ਵੀ ਜ਼ਾਹਿਰ ਕੀਤੀ ਹੈ। ਦੱਸਣਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਮਾਮਲਿਆਂ ਬਾਰੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਸੂਬਾਈ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਵਲੋਂ ਫੈਸਲਾਬਾਦ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਗੁਰਦੁਆਰਾ ਸਾਹਿਬ ਨੂੰ ਮੁੜ ਆਬਾਦ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਜਿਸ ਦੇ ਬਾਅਦ ਮੁਸਲਿਮ ਆਗੂ ਬੱਟ ਨੇ ਬੰਦ ਪਏ ਗੁਰਦੁਆਰੇ ਨੂੰ ਮੁੜ ਖੋਲ੍ਹਣ ਦਾ ਵਿਰੋਧ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਗੁਰਦੁਆਰਾ ਮੁੜ ਆਬਾਦ ਕੀਤਾ ਗਿਆ ਤਾਂ ਫੈਸਲਾਬਾਦ 'ਚ ਮੁਕੰਮਲ ਹੜਤਾਲ ਰੱਖੀ ਜਾਵੇਗੀ। ਉਸ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਪਾਕਿ 'ਚ ਨਵਾਂ ਗੁਰਦੁਆਰਾ ਨਹੀਂ ਬਣਨ ਦਿੱਤਾ ਜਾਵੇਗਾ। ਸਮੁੱਚੇ ਸਿੱਖ ਭਾਈਚਾਰੇ ਸਮੇਤ ਮੰਤਰੀ ਅਰੋੜਾ ਵਲੋਂ ਇਸ ਦਾ ਸਖ਼ਤ ਨੋਟਿਸ ਲਏ ਜਾਣ ਤੋਂ ਬਾਅਦ ਅਮੀਨ ਬੱਟ ਨੇ ਸੋਸ਼ਲ ਮੀਡੀਆ ਦੀ ਮਾਰਫ਼ਤ ਵੀਡੀਓ ਜਾਰੀ ਕਰਕੇ ਮਾਫ਼ੀ ਮੰਗੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ