30-06-2024
ਦੁੱਲਾ ਭੱਟੀ
ਲੇਖਕ : ਦਲਬਾਰ ਸਿੰਘ
ਪ੍ਰਕਾਸ਼ਕ : ਸ਼ਿਲਾਲੇਖ ਪਬਲੀਸ਼ਰਜ਼ ਦਿੱਲੀ
ਮੁੱਲ : 200 ਰੁਪਏ, ਸਫ਼ੇ : 92
ਸੰਪਰਕ : 95921-94705
ਦੁੱਲਾ ਭੱਟੀ ਦੀ ਲੋਕ ਗਾਥਾ ਨੂੰ ਮਲਵਈ ਗਿੱਧਾ ਨਾਟ-ਰੂਪ ਰਾਹੀਂ ਪੇਸ਼ ਕਰਨ ਦੀ ਪਹਿਲ ਕਦਮੀ ਦਲਬਾਰ ਸਿੰਘ ਨੇ ਕੀਤੀ ਹੈ। ਮਲਵਈ ਗਿੱਧਾ ਮਰਦਾਂ ਦਾ ਲੋਕ ਨਾਚ ਹੈ ਜਿਸ ਦੀ ਸ਼ੁਰੂਆਤ ਮਾਲਵੇ ਵਿਚੋਂ ਹੋਈ ਅਤੇ ਦਲਬਾਰ ਸਿੰਘ ਮਲਵਈ ਗਿੱਧੇ ਨੂੰ ਮੰਚ 'ਤੇ ਲਿਆਉਣ ਵਾਲੇ ਮੋਢੀਆਂ ਵਿਚੋਂ ਹੈ। ਦੁੱਲਾ ਭੱਟੀ ਗਾਥਾ ਨੂੰ ਨਾਟਕੀ ਰੂਪ ਦਿੰਦਿਆਂ ਉਸ ਨੇ ਮਲਵਈ ਬੋਲੀਆਂ ਰਾਹੀਂ ਸੰਵਾਦ ਰਚਾਇਆ ਹੈ। ਪੰਜਾਬ ਦੀ ਇਸ ਸੂਰਮਗਤੀ ਗਾਥਾ ਦਾ ਮਰਦਾਂ ਦੇ ਗਿੱਧੇ ਦੀ ਪੇਸ਼ਕਾਰੀ ਦੀ ਵਿਧਾ ਨਾਲ ਸੁਤੰਤਰ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਤ ਹੋਣਾ ਅਨੋਖਾ ਵੀ ਹੈ, ਪਲੇਠਾ ਵੀ ਅਤੇ ਦਿਲਚਸਪ ਵੀ। ਨਾਟਕ ਦੇ ਖੇਤਰ ਵਿਚ ਦਲਬਾਰ ਸਿੰਘ ਦਾ ਇਹ ਮੌਲਿਕ ਅਤੇ ਨਵੀਨ ਤਜਰਬਾ ਹੈ। ਦਲਬਾਰ ਸਿੰਘ ਨੇ ਮਲਵਈ ਗਿੱਧੇ ਦੀ ਪੇਸ਼ਕਾਰੀ ਅਨੁਸਾਰ ਹੀ ਇਸ ਗਾਥਾ ਨੂੰ ਮੰਚਿਤ ਕਰਨ ਦੀ ਵਿਧੀ ਦਿੱਤੀ ਹੈ। ਸਾਰੀ ਦੀ ਸਾਰੀ ਵਾਰਤਾਲਾਪ ਅਤੇ ਕਥਾਨਕ ਬੋਲੀਆਂ ਵਿਚ ਉਸਾਰਿਆ ਗਿਆ ਹੈ। ਇਸ ਕਰਕੇ ਬਾਕੀ ਨਾਟਕਾਂ ਨਾਲੋਂ ਵਿਲੱਖਣਤਾ ਇਹ ਹੈ ਕਿ ਅਦਾਕਾਰੀ ਅਤੇ ਲੋਕ ਨਾਚ ਦੋਵਾਂ ਦੀ ਮੁਹਾਰਤ ਰੱਖਣ ਵਾਲੇ ਨਿਰਦੇਸ਼ਕ ਅਤੇ ਕਲਾਕਾਰ ਹੀ ਸਫ਼ਲਤਾ ਨਾਲ ਇਸ ਨਾਟਕ ਨੂੰ ਮੰਚਿਤ ਕਰ ਸਕਦੇ ਹਨ। ਮਲਵਈ ਗਿੱਧੇ ਵਾਂਗ ਮੰਗਲਾ ਚਰਨ ਦੀ ਬੋਲੀ ਨਾਲ ਹੀ ਨਾਟਕ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ; 'ਪਹਿਲ ਪ੍ਰਿਥਮੇਂ ਸਿਮਰਾਂ ਪ੍ਰਭੂ, ਕਾਨੀ ਫੇਰ ਉਠਾਵਾਂ; ਦਸਾਂ ਗੁਰੂਆਂ ਦੀ ਓਟ ਤਕਾਈ, ਚਰਨੀ ਸੀਸ ਨਿਵਾਵਾਂ; ਗੁਰੂ ਗ੍ਰੰਥ ਦੀ ਪੜ੍ਹ ਕੇ ਬਾਣੀ, ਅਗਿਆਨ ਅੰਧੇਰ ਮਿਟਾਵਾਂ; ਦੁੱਲੇ ਭੱਟੀ ਦਾ ਕਿੱਸਾ ਜੋੜ ਸਣਾਵਾਂ..... ਦੁੱਲੇ ਭੱਟੀ ਦਾ ਕਿੱਸਾ ਜੋੜ ਸੁਣਾਵਾਂ'। ਨਾਟਕ ਦੇ ਪ੍ਰਸੰਗ ਨੂੰ ਅੱਗੇ ਤੋਰਦੇ ਸੰਵਾਦ ਦੀਆਂ ਬੋਲੀਆਂ ਸੂਤਰਧਾਰ ਪਾਉਂਦਾ ਹੈ। ਇਸੇ ਤਰ੍ਹਾਂ ਮਲਵਈ ਗਿੱਧੇ ਦੇ ਬਾਕੀ ਅਦਾਕਾਰ ਆਪਣੇ-ਆਪਣੇ ਕਿਰਦਾਰ ਵਾਲੀਆਂ ਬੋਲੀਆਂ ਪਾਉਂਦੇ ਹਨ। ਜਿਵੇਂ ਦੁੱਲਾ ਕਾਜ਼ੀ ਨਾਲ ਗੱਲ ਕਰਦਾ ਹੈ, 'ਹੱਥ ਜੋੜ ਕੇ ਕਾਜ਼ੀ ਤਾਈਂ ਦੁੱਲਾ ਵਚਨ ਸੁਣਾਵੇ, ਵੱਡੀ ਰੂਹ ਨਾ ਕਰਦੀ ਮੇਰੀ ਪੜ੍ਹਨਾਂ ਚਿੱਤ ਨਾ ਭਾਵੇ, ਵਿਚ ਦੁਨੀਆ ਦੇ ਜਾਗਰ ਹੋਵਾਂ ਇਹ ਮੇਰਾ ਦਿਲ ਚਾਹਵੇ, ਐਸੀ ਜੁਗਤ ਦੱਸੋ ਨਾਂਅ ਰੌਸ਼ਨ ਹੋ ਜਾਵੇ।' ਪੰਜਾਬ ਦੇ ਲੋਕ ਨਾਚਾਂ ਵਿਚ ਮਲਵਈ ਗਿੱਧਾ ਇਕ ਐਸਾ ਲੋਕ ਨਾਚ ਹੈ ਜਿਸ ਵਿਚ ਦਰਸ਼ਕ ਬੋਲੀਆਂ ਦੀ ਸ਼ਬਦਾਵਲੀ ਦਾ ਅਤੇ ਪੇਸ਼ਕਰਤਾ ਦੀਆਂ ਅਦਾਵਾਂ ਦਾ ਅਨੰਦ ਮਾਣਦੇ ਹਨ। ਇਸ ਨਾਟਕ ਦਾ ਪਾਠ ਕਰਦਿਆਂ ਵੀ ਮਹਿਸੂਸ ਹੁੰਦਾ ਹੈ ਮੰਚਣ ਵੇਲੇ ਦਰਸ਼ਕ ਬੋਲੀਆਂ ਰਾਹੀਂ ਇਸ ਗਾਥਾ ਦਾ ਅਨੰਦ ਵੀ ਮਾਣਨਗੇ ਅਤੇ ਕਹਾਣੀ ਨੂੰ ਵੀ ਸਰਲਤਾ ਨਾਲ ਸਮਝਣਗੇ। ਪੰਜਾਬੀ ਪਾਠਕ, ਕਲਾਕਾਰ, ਰੰਗ ਕਰਮੀ, ਨਾਟ ਵਿਦਾਵਾਂ 'ਤੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਇਹ ਪੁਸਤਕ ਮੁਲਵਾਨ ਹੋਵੇਗੀ।
-ਨਿਰਮਲ ਜੌੜਾ
ਮੋਬਾਈਲ : 98140-78799
ਤਿੰਨ ਸਹੇਲੀਆਂ
ਲੇਖਕ : ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 55
ਸੰਪਰਕ : 98760-62329
ਹਥਲੀ ਪੁਸਤਕ 'ਤਿੰਨ ਸਹੇਲੀਆਂ' ਧਰਮ ਸਿੰਘ ਕੰਮੇਆਣਾ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਹੈ। ਇਸ ਵਿਚ ਕੁੱਲ ਤੇਰਾਂ ਬਾਲ ਕਹਾਣੀਆਂ ਹਨ ਲੇਖਕ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਉਪਰ ਇਸ ਤੋਂ ਪਹਿਲਾਂ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਪਹਿਲੀ ਕਹਾਣੀ 'ਪਰੀ' ਇਨਾਇਤ ਬੱਚੀ ਨਾਲ ਸੰਬੰਧਿਤ ਹੈ ਜੋ ਕਿ ਮਾਂ ਬਾਪ ਦੀ ਇਕਲੌਤੀ ਬੇਟੀ ਹੈ। ਪੜ੍ਹਨ ਅਤੇ ਖੇਡਾਂ ਵਿਚ ਬਹੁਤ ਰੁਚੀ ਲੈ ਰਹੀ ਹੈ। ਦਾਦਾ-ਦਾਦੀ ਦੇ ਕੋਲ ਜ਼ਿਆਦਾ ਚਿਰ ਰਹਿੰਦੀ ਹੈ ਉਨ੍ਹਾਂ ਤੋਂ ਬਾਤਾਂ ਸੁਣਦੀ ਹੈ। ਇਕ ਦਿਨ ਉਸ ਦੇ ਸੁਪਨੇ ਵਿਚ ਪਰੀ ਆਈ ਉਹ ਉਸ ਨੂੰ ਉੱਡਣ ਲਈ ਕਹਿੰਦੀ ਹੈ ਪਰੀ ਉਸ ਨੂੰ ਮੰਤਰ ਮਾਰ ਕੇ ਕਹਿੰਦੀ ਹੈ ਹੁਣ ਤੇਰੇ ਵੀ ਖੰਭ ਲੱਗ ਗਏ ਹਨ ਚੱਲ ਮੇਰੇ ਨਾਲ ਉੱਡ ਤੈਨੂੰ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਾਵਾਂ। ਉਸ ਨਾਲ ਜਦੋਂ ਵੱਖ-ਵੱਖ ਥਾਵਾਂ ਵੇਖ ਰਹੀ ਸੀ ਤਾਂ ਦਾਦੀ ਨੇ ਉਸ ਨੂੰ ਉੱਠਣ ਲਈ ਆਵਾਜ਼ ਲਗਾਈ ਉਹ ਉੱਠ ਕੇ ਦਾਦੀ ਨੂੰ ਸੁਪਨਾ ਸੁਣਾਉਣ ਲੱਗੀ ਤਾਂ ਦਾਦੀ ਨੇ ਸਮਝਾਇਆ ਬੰਦੇ ਦੇ ਉੱਡਣ ਲਈ ਉਸ ਦੇ ਖੰਭ 'ਵਿੱਦਿਆ' ਹੀ ਹੈ ਚੰਗੀ ਵਿੱਦਿਆ ਪੜ੍ਹ ਕੇ ਬੰਦਾ ਬਿਨ ਖੰਭੋਂ ਵੀ ਉਡ ਸਕਦਾ ਹੈ। ਇਨਾਇਤ ਵਿੱਦਿਆ ਦਾ ਮਹੱਤਵ ਸਮਝ ਗਈ ਸੀ। ਇਵੇਂ ਹੀ 'ਤਿੰਨ ਸਹੇਲੀਆਂ' ਵੀ ਬਹੁਤ ਪਿਆਰੀ ਅਤੇ ਸਿੱਖਿਆਦਾਇਕ ਕਹਾਣੀ ਹੈ ਤਿੰਨ ਸਹੇਲੀਆਂ ਹਨ ਐਨੀ, ਸੀਮਾ ਅਤੇ ਤੇਜੀ ਤਿੰਨਾਂ ਦਾ ਬਹੁਤ ਪਿਆਰ ਹੈ ਹਰ ਸਮੇਂ ਇਕੱਠੀਆਂ ਖੇਡਦੀਆਂ ਹਨ ਅਤੇ ਇਕ ਦਿਨ ਗੱਲਾਂ-ਗੱਲਾਂ ਵਿਚ ਸੈਰ ਕਰਨ ਦੂਰ ਨਿਕਲ ਗਈਆਂ ਤੇ ਵਾਪਸੀ ਸਮੇਂ ਮੀਂਹ ਹਨੇਰੀ ਆ ਗਈ ਇਕ ਝੌਂਪੜੀ ਵਿਚ ਵੜ੍ਹ ਗਈਆਂ। ਮੀਂਹ ਹਟਣ ਤੋਂ ਬਾਅਦ ਬਾਹਰ ਨਿਕਲੀਆਂ ਭੁੱਖ ਲੱਗੀ ਹੋਈ ਸੀ ਨੇੜੇ ਹੀ ਅੰਬ ਦਾ ਰੁੱਖ ਸੀ ਬੜੇ ਸੋਹਣੇ ਅੰਬ ਲੱਗੇ ਹੋਏ ਸਨ ਕੁਝ ਥੱਲੇ ਪਏ ਸਨ ਜਦੋਂ ਖਾ ਰਹੀਆਂ ਸਨ ਬਾਗ਼ ਦੇ ਮਾਲਕ ਦੀ ਪੈੜ ਚਾਲ ਸੁਣ ਕੇ ਤਿੰਨੋਂ ਲੁੱਕ ਗਈਆਂ ਸਨ ਪਰ ਬਾਗ਼ ਦਾ ਮਾਲਕ ਉੱਥੇ ਪਏ ਮੰਜੇ ਉਪਰ ਪੈ ਗਿਆ ਤਾਂ ਤਿੰਨਾਂ ਨੂੰ ਇਕ ਤਰਕੀਬ ਸੁੱਝੀ ਕਿ ਆਪਾਂ ਭੂਤਾਂ ਵਾਂਗ ਆਵਾਜ਼ਾਂ ਕੱਢੀਏ ਜੋ ਕਿ ਉਨ੍ਹਾਂ ਟੀ.ਵੀ. ਸੀਰੀਅਲ ਵਿਚ ਸੁਣੀਆਂ ਹੋਈਆਂ ਸਨ। ਇਹ ਡਰ ਕੇ ਭੱਜ ਜਾਵੇਗਾ ਉੇਨ੍ਹਾਂ ਇਸੇ ਤਰ੍ਹਾਂ ਹੀ ਕੀਤਾ ਤੇ ਮਾਲਕ ਡਰਦਾ ਮਾਰਾ ਘਰ ਨੂੰ ਭੱਜ ਗਿਆ। ਤਿੰਨੋਂ ਖ਼ੁਸ਼-ਖ਼ੁਸ਼ ਘਰ ਨੂੰ ਵਾਪਸ ਆ ਰਹੀਆਂ ਕਹਿ ਰਹੀਆਂ ਸਨ ਕਿ ਆਪਾਂ ਅੱਜ ਤੋਂ ਪ੍ਰਣ ਕਰੀਏ ਕਿ ਇਸ ਤਰ੍ਹਾਂ ਕੁਵੇਲੇ ਦੂਰ ਤੱਕ ਸੈਰ ਕਰਨ ਨਹੀਂ ਜਾਵਾਂਗੀਆਂ। ਐਵੇਂ ਹੀ 'ਮਾਡਰਨ ਕਾਂ ਦੀ ਕਹਾਣੀ' ਵੀ ਬੜੀ ਦਿਲਚਸਪ ਹੈ ਪੁਰਾਣੇ ਸਮੇਂ ਵਿਚ ਲੋਕ ਅਨਪੜ੍ਹ ਸਨ ਬੱਚੇ ਵੀ ਭੋਲੇ-ਭਾਲੇ ਸਨ ਭਾਵ ਲਕੀਰ ਦੇ ਫ਼ਕੀਰ ਸਨ ਇਸ ਕਹਾਣੀ ਵਿਚ ਮਾਡਰਨ ਕਾਂ ਹੈ ਪੁਰਾਣੇ ਕਾਂਵਾਂ ਵਾਂਗ ਭੋਲਾ ਭਾਲਾ ਨਹੀਂ ਹੈ ਪਿਆਸੇ ਕਾਂ ਵਾਲੀ ਕਹਾਣੀ 'ਚ ਵੀ ਕਾਂ ਦੀ ਸਿਆਣਪ ਵਿਖਾਈ ਹੈ ਕਿ ਕਿਵੇਂ ਉਸ ਨੇ ਪਾਣੀ ਪੀਤਾ ਸੀ। ਅੱਗੇ ਜਾ ਕੇ ਤਾਂ ਕਮਾਲ ਹੀ ਕਰ ਦਿੱਤੀ, ਹੁਣ ਤੱਕ ਲੂੰਬੜੀ ਕਾਂ ਨੂੰ ਬੇਵਕੂਫ਼ ਬਣਾਉਂਦੀ ਆਈ ਸੀ ਪਰ ਅੱਜਕਲ੍ਹ ਦੇ ਤੇਜ਼ ਤਰਾਰ ਜ਼ਮਾਨੇ ਵਿਚ ਕਾਂ ਲੂੰਬੜੀ ਨਾਲੋਂ ਵੀ ਚਲਾਕ ਨਿਕਲਿਆ ਹੈ ਉਸ ਦੇ ਮੂੰਹ ਵਿਚ ਪਨੀਰ ਦਾ ਟੁੱਕੜਾ ਸੀ ਰੁੱਖ ਦੇ ਹੇਠ ਲਲਚਾਈਆਂ ਨਜ਼ਰਾਂ ਨਾਲ ਲੂੰਬੜੀ ਕਾਂ ਨੂੰ ਵੇਖ ਰਹੀ ਸੀ ਉਸ ਨੂੰ ਆਪਣੀ ਦਾਦੀ ਦੀ ਸੁਣਾਈ ਕਹਾਣੀ ਯਾਦ ਆ ਗਈ ਕਾਂ ਨੂੰ ਕਹਿੰਦੀ ਤੂੰ ਕਿੰਨਾ ਸੋਹਣਾ ਕਿੰਨੀ ਤੇਰੀ ਆਵਾਜ਼ ਪਿਆਰੀ ਹੈ ਇਹ ਵੀ ਪਤਾ ਲੱਗਾ ਕਿ ਤੂੰ ਗੀਤ ਵੀ ਬਹੁਤ ਵਧੀਆ ਗਾ ਲੈਂਨਾ ਏਂ ਮੈਨੂੰ ਇਕ ਗੀਤ ਹੀ ਸੁਣਾ ਦੇ ਕਾਂ ਮਾਡਰਨ ਸੀ ਪਨੀਰ ਦਾ ਟੁੱਕੜਾ ਖਾ ਕੇ ਕਹਿੰਦਾ ਹਾਂ ਮਾਸੀ ਜੀ ਹੁਣ ਦੱਸੋ ਕਿਹੜਾ ਗੀਤ ਸੁਣਨਾ ਹੈ ਲੂੰਬੜੀ ਕੱਚੀ ਜਿਹੀ ਹੋ ਕੇ ਤੁਰਦੀ ਬਣੀ। ਬਹੁਤ ਹੀ ਦਿਲਚਸਪ ਕਹਾਣੀ ਹੈ ਇਵੇਂ ਹੀ ਸਾਰੀਆਂ ਕਹਾਣੀਆਂ ਬੱਚਿਆਂ ਨੂੰ ਜਿੱਥੇ ਸਮੇਂ ਦੇ ਹਾਣੀ ਹੋਣ ਦੀ ਪ੍ਰੇਰਨਾ ਦੇ ਰਹੀਆਂ ਹਨ ਓਵੇਂ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਦੀ ਨੈਤਿਕ ਸਿੱਖਿਆ ਵੀ ਦਿੰਦੀਆਂ ਹਨ। ਕਹਾਣੀਆਂ ਨਾਲ ਢੁੱਕਵੀਆਂ ਤਸਵੀਰਾਂ ਬਣ ਜਾਂਦੀਆਂ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋਣਾ ਸੀ ਕਿਉਂਕਿ ਬੱਚਿਆਂ ਦੀ ਦਿਲਚਸਪੀ ਪੁਸਤਕ ਵਿਚ ਹੋਰ ਵੀ ਵਧ ਜਾਣੀ ਸੀ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆਓ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।
-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896
ਆਤਮੈਂ ਦੇ ਆਰਪਾਰ
ਲੇਖਕ : ਡਾ. ਹਰਦੀਪ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 94171-46113
ਇਸ ਪੁਸਤਕ ਦਾ ਲੇਖਕ ਇਕੋ ਸਮੇਂ ਦੰਦਾਂ ਦਾ ਡਾਕਟਰ, ਚਿੱਤਰਕਾਰ, ਬੁੱਤ ਤਰਾਸ਼ ਅਤੇ ਕੁਦਰਤ ਪ੍ਰੇਮੀ ਵੀ ਹੈ, ਇਸ ਨਾਵਲ ਤੋਂ ਪਹਿਲਾਂ ਉਸ ਨੇ ਦੋ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ। ਕੁਦਰਤ ਪ੍ਰੇਮੀ ਅਤੇ ਕਲਾ ਪੁਜਾਰੀ ਹੋਣ ਕਰਕੇ ਲੇਖਕ ਦੀ ਇਹ ਰਚਨਾ ਵੀ ਕੁਦਰਤ ਨੂੰ ਮਾਂ ਹੀ ਤਸਲੀਮ ਕਰਦੀ ਹੈ, ਜਿਸ ਦੀ ਗੋਦ ਵਿਚ ਸਮੁੱਚੀ ਕਾਇਨਾਤ ਉਸ ਦੇ ਗੁਣਗਾਨ ਕਰਦੀ ਹੈ। ਸਮੁੱਚੇ ਤੌਰ 'ਤੇ ਇਹ ਨਾਵਲ ਕੁਦਰਤ ਮਾਂ ਦੀ ਕਥਾ ਦਾ ਵਿਖਿਆਨ ਹੀ ਹੈ, ਇਸ ਦੇ ਹਰ ਪੰਨੇ ਵਿਚੋਂ ਪਾਠਕ ਨੂੰ ਮਾਂ ਕੁਦਰਤ ਦੇ ਰੰਗਾਂ ਦੀ ਗੱਲ ਸੁਣਾਈ ਦਿੰਦੀ ਹੈ। ਲੇਖਕ ਮੁਤਾਬਿਕ ਇਨ੍ਹਾਂ ਰੰਗਾਂ ਅਤੇ ਉਸ ਦੀ ਸੁੰਦਰਤਾ ਜਦੋਂ ਮੈਨੂੰ ਪ੍ਰਭਾਵਿਤ ਕਰਦੀ ਹੈ, ਤਾਂ ਮੈਂ ਮੰਤਰ-ਮੁਗਧ ਹੋ ਜਾਂਦਾ ਹੈ। ਮੈਨੂੰ ਬਹੁਤ ਧੀਮੀ ਆਵਾਜ਼ ਵਿਚ ਕੁਦਰਤ ਸੰਬੋਧਨ ਹੁੰਦੀ ਹੈ, ਜਿਸ ਆਵਾਜ਼ ਨੂੰ ਤਨ, ਮਨ ਤੇ ਅੰਦਰੂਨੀ ਕੰਨਾਂ ਨਾਲ ਹੀ ਸੁਣਿਆ ਜਾ ਸਕਦਾ ਹੈ। ਲੇਖਕ ਅਨੁਸਾਰ ਅਸਲ ਜਦੋਂ ਕੰਨ ਇਸ ਉਤਕ੍ਰਿਸ਼ਟ ਰਚਨਾ ਦੇ ਨਾਦ ਨੂੰ ਸੁਣਦੇ ਹਨ ਤਾਂ ਅੱਖਾਂ ਵੀ ਉਸ ਨਾਲ ਇਕਮਿਕ ਹੋਣਾ ਲੋਚਦੀਆਂ ਹਨ। ਇਸ ਨਾਵਲ ਦੇ ਹਰ ਪੰਨੇ ਤੋਂ ਇਨ੍ਹਾਂ ਬਹੁ-ਰੰਗੀ ਕੁਦਰਤੀ ਪਰਤਾਂ ਵਿਚੋਂ ਰੰਗਾਂ ਨੂੰ ਸੁਣਨ ਤੇ ਵੇਖਣ ਦਾ ਸੁਪਰਸ਼ ਹੁੰਦਾ ਵਿਖਾਈ ਦਿੰਦਾ ਹੈ। ਜਦੋਂ ਤੁਹਾਡੀ ਪਹੁੰਚ ਇਸ ਅਕਾਸ਼ੀ ਖਲਾਅ ਨੂੰ ਮਹਿਸੂਸ ਕਰਨ ਲੱਗ ਪਈ, ਤਾਂ ਉਸ ਕੁਦਰਤ ਦੇ ਕਾਦਰ ਦੇ ਦਰਸ਼ਨਾਂ ਦੀ ਦੂਰੀ ਵੀ ਸਮਾਪਤ ਹੋ ਜਾਵੇਗੀ। ਨਾਵਲ ਦੇ ਆਰੰਭ ਵਿਚ ਲੇਖਕ ਨੇ ਆਤਮ-ਗਿਆਨ ਸੰਬੰਧੀ ਵਿਚਾਰਾਂ ਦੀ ਲੜੀ ਨੂੰ ਆਰੰਭ ਕਰਦਿਆਂ ਕਿਹਾ ਹੈ ਕਿ 'ਆਤਮ ਗਿਆਨ ਤੇਰੇ ਮੇਰੇ ਤੇ ਸਭ ਲਈ ਉਪਲੱਬਧ ਹੈ, ਇਸ ਧਰਤੀ ਦਾ ਹਰ ਜੀਵ ਇਸ ਨੂੰ ਪਾਉਣ ਦਾ ਅਧਿਕਾਰੀ ਹੈ ਅਤੇ ਹਰ ਜੀਵਤ ਪ੍ਰਾਣੀ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ। ਮਰਨ ਤੋਂ ਪਹਿਲਾਂ ਹਰ ਉਸ ਬੰਦਗੀ ਵਾਲੇ ਨੂੰ ਉਸ ਬ੍ਰਹਮ ਗਿਆਨ ਦਾ ਦਰਸ਼ਨ ਵੀ ਹੁੰਦਾ ਹੈ। ਹਰ ਪ੍ਰਾਣੀ ਨੂੰ ਆਤਮਿਕ ਤੌਰ 'ਤੇ ਜਾਗ੍ਰਿਤ ਹੋਣਾ ਪਵੇਗਾ, ਬ੍ਰਹਮ ਦਰਸ਼ਨ ਉਸ ਨੂੰ ਜੀਵਨ ਸਫ਼ਰ ਦੌਰਾਨ ਕਦੋਂ ਹੋਵੇ, ਪਹਿਲੇ ਜੀਵਨ ਪੜਾਅ ਸਫ਼ਰ ਦੌਰਾਨ ਜਾਂ ਫੇਰ ਦੇਰ ਨਾਲ ਜਾਂ ਫਿਰ ਜੀਵਨ ਸਫ਼ਰ ਮੁਕਾਉਣ ਸਮੇਂ। ਇਹ ਨਿਰਭਰ ਕਰਦਾ ਹੈ, ਉਸ ਦੀ ਦਰਸ਼ਨ ਕਰਨ ਦੀ ਇੱਛਾ ਸ਼ਕਤੀ ਉੱਪਰ। ਲੇਖਕ ਮੁਤਾਬਿਕ ਜੇ ਸਮੇਂ ਸਿਰ ਗਿਆਨ ਹੋ ਜਾਵੇ ਤਾਂ ਇਸ ਉੱਤਮ ਸਮੇਂ 'ਤੇ ਬ੍ਰਹਮ ਦਰਸ਼ਨ ਵੀ ਹੋ ਜਾਂਦਾ ਹੈ। ਫਿਰ ਬਾਕੀ ਜੀਵਨ ਪਰਮ-ਅਨੰਦ ਵਿਚ ਬੀਤ ਜਾਂਦਾ ਹੈ। ਕਈ ਵਾਰ ਅਸੀਂ ਉਸ ਬ੍ਰਹਮ ਦੇ ਦਰਸ਼ਨਾਂ ਲਈ ਧਾਰਮਿਕ ਅਸਥਾਨਾਂ ਦੇ ਦਰਾਂ ਤੋਂ ਹੀ ਮੁੜਦੇ ਰਹੇ। ਸੱਚ ਦੇ ਪਾਂਧੀ ਹਮੇਸ਼ਾ ਮੰਜ਼ਿਲ ਨੂੰ ਸਰ ਕਰ ਲੈਂਦੇ ਹਨ। ਜਿਨ੍ਹਾਂ ਨੇ ਪਾਰ-ਬ੍ਰਹਮ ਦੇ ਦਰਸ਼ਨ ਕਰਨੇ ਸਨ, ਉਹ ਗੁਰੂ ਦਰਾਂ ਦਾ ਲਾਂਘਾ ਵੀ ਪਾਰ ਨਾ ਕਰ ਸਕੇ। ਇਸ ਸਮੁੱਚੀ ਗਾਥਾ 'ਤੇ ਆਧਾਰਿਤ ਇਸ ਨਾਵਲ ਨੂੰ ਪਾਠਕਾਂ ਦੇ ਸਨਮੁੱਖ ਰੱਖਿਆ ਗਿਆ ਹੈ। ਹਉਮੈ ਅਧੀਨ ਜੀਵਤ ਪ੍ਰਾਣੀ ਮੈਂ ਦੇ ਦਰਵਾਜ਼ੇ ਨੂੰ ਪਾਰ ਕਰ ਕੇ 'ਤੂੰ' ਤੋਂ ਦੂਰ ਹੁੰਦਾ ਗਿਆ। ਆਤਮਾ ਦੇ ਆਰ-ਪਾਰ ਦੇ ਸਫ਼ਰ ਨੂੰ ਤੈਅ ਕਰਨ ਵਾਲੇ ਗਹਿਰ ਗੰਭੀਰ ਪਾਠਕਾਂ ਲਈ ਲੇਖਕ ਦਾ ਇਹ ਉਪਰਾਲਾ ਵਧੀਆ ਉੱਦਮ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਅੱਖਰਾਂ ਦੀ ਵਿਸ਼ਾਲਤਾ
ਲੇਖਕ : ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ
ਪ੍ਰਕਾਸ਼ਕ : ਸੱਚ ਕੀ ਬੇਲਾ ਪਿੰਡ ਦੀਵਾਨਾ ਜ਼ਿਲ੍ਹਾ ਬਰਨਾਲਾ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98762-04624
ਇਸ ਅਧਿਆਤਮਿਕ ਪੁਸਤਕ ਦੀ ਪ੍ਰਸੰਸਾ ਕਰਦੇ ਹੋਏ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਿਲਕੁਲ ਸਹੀ ਫਰਮਾਇਆ ਹੈ 'ਪੱਟੀ ਬਾਣੀ' ਅੰਦਰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਗਿਆਨੀ ਗੁਰਮੀਤ ਸਿੰਘ ਵਲੋਂ ਲਿਖੀ ਹਥਲੀ ਪੁਸਤਕ ਗੁਰਮੁਖੀ 'ਅੱਖਰਾਂ ਦੀ ਵਿਸ਼ਾਲਤਾ' ਬਹੁਤ ਹੀ ਗਿਆਨ ਭਰਪੂਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਖੇਤਰ ਦੇ ਪਾਂਧੀ ਦਾ ਇਹ ਸਹੀ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ। 'ਸ' ਅੱਖਰ ਤੋਂ ਵਰਣਮਾਲਾ ਦਾ ਆਰੰਭ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਪ੍ਰਾਣੀ ਮਾਤਰ ਨੂੰ ਸੂਝ ਪ੍ਰਦਾਨ ਕਰਨ ਲਈ ਸ਼ਰਧਾ ਦਾ ਮਾਰਗ ਪ੍ਰਦਾਨ ਕੀਤਾ ਹੈ। ਲੇਖਕ ਨੇ ਆਪਣੇ ਅਧਿਆਤਮਿਕ ਮਾਰਗ ਨੂੰ ਰੌਸ਼ਨ ਕਰਨ ਵਾਲੇ ਮਹਾਂਪੁਰਖਾਂ ਨੂੰ ਸ਼ਰਧਾ ਭੇਟ ਕਰਨ ਉਪਰੰਤ ਲਿਖਿਆ ਹੈ, 'ਇਸ ਪੁਸਤਕ ਦਾ ਮੁੱਖ ਪ੍ਰਯੋਜਨ, ਪੱਟੀ ਬਾਣੀ ਵਿਚ ਰਹਾਓ ਦੀ ਪੰਕਤੀ ਇਸੇ ਸੰਸਾਰ ਜੀਵਨ ਦੇ ਗੱਡੀ ਦੇ ਧੁਰੇ ਵੱਲ ਆਕਰਸ਼ਿਤ ਰੱਖਦੀ ਹੈ।' ਪੰਨਾ 13 ਲੇਖਕ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਬੇਹੱਦ ਪਿਆਰ ਕਰਦਾ ਹੈ, ਇਸੇ ਲਈ ਭਾਸ਼ਾ ਦੇ ਮਸਲਿਆਂ ਬਾਰੇ ਕੌਮਾਂਤਰੀ ਖੋਜ ਕਰਨ ਲਈ ਡਾ. ਜੋਗਾ ਸਿੰਘ ਯੂ.ਕੇ. ਦੀ ਪ੍ਰਸੰਸਾ ਕਰਦਾ ਹੈ। ਪੰਨਾ : 299. ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਆਤਮ-ਪਰਮਾਤਮਾ, ਇਕਸੁਰਤਾ ਅਨੁਭਵ ਕਰਦਿਆਂ 'ਪੱਟੀ ਬਾਣੀ' ਉਚਾਰਨ ਕੀਤੀ ਹੈ। ਇਹ ਪੁਸਤਕ ਬੜੀ ਡੂੰਘੀ ਖੋਜ ਦਾ ਪ੍ਰਮਾਣ ਪ੍ਰਸਤੁਤ ਕਰਦੀ ਹੈ। ਇਸ ਪੁਸਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਲੇਖਕ ਦਾ ਅਧਿਐਨ ਬੜਾ ਵਿਸ਼ਾਲ ਪ੍ਰਤੀਤ ਹੁੰਦਾ ਹੈ। ਆਪਣੇ ਵਿਚਾਰਾਂ ਦੀ ਲੇਖਕ ਨੇ ਗੁਰਬਾਣੀ 'ਚੋਂ ਬੇਸ਼ੁਮਾਰ ਹਵਾਲੇ ਦੇ ਕੇ, ਵਿਸਤ੍ਰਿਤ ਵਿਆਖਿਆ ਕੀਤੀ ਹੈ। ਵਿਚਾਰਾਂ ਦੀ ਪੁਸ਼ਟੀ ਲਈ ਅਨੇਕਾਂ ਵਿਦਵਾਨਾਂ ਦੇ ਹਵਾਲੇ ਦਿੱਤੇ ਹਨ, ਭਾਵ ਪ੍ਰੋ. ਸਾਹਿਬ ਸਿੰਘ, ਬਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਰਤਨ ਸਿੰਘ ਜੱਗੀ, ਪ੍ਰਿੰ. ਸਤਬੀਰ ਸਿੰਘ, ਪ੍ਰਿੰ. ਗੰਗਾ ਸਿੰਘ, ਜੋਗੀਰਾਜ ਭਰਥਰੀ ਹਰੀ, ਭਾਈ ਗੁਰਦਾਸ, ਭਗਤ ਕਬੀਰ, ਕਨਿੰਘਮ, ਜਾਦੂ ਨਾਥ ਸਰਕਾਰ ਇਤਿਆਦਿ। ਅਜੋਕੇ ਕਵੀਆਂ/ਵਿਦਵਾਨਾਂ ਸ਼ਿਵ ਕੁਮਾਰ ਬਟਾਲਵੀ, ਡਾ. ਨਾਹਰ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ ਆਦਿ ਨੋਟ ਕੀਤੇ ਜਾ ਸਕਦੇ ਹਨ। ਸੂਫੀ ਦਾਰਸ਼ਨਿਕ ਸਰਮੱਦ ਅਤੇ ਮੌਲਾਨਾ ਰੂਮ ਦੇ ਵਿਚਾਰ ਵੀ ਪੇਸ਼ ਕੀਤੇ ਹਨ। ਅਜਿਹੇ ਵਿਸ਼ਾਲ ਅਧਿਐਨ ਦੀ ਮੁਕਤ-ਕੰਠ ਪ੍ਰਸੰਸਾ ਕਰਨੀ ਬਣਦੀ ਹੈ। 'ਪੱਟੀ ਬਾਣੀ' ਦੀ ਸਾਰੀ ਦੀ ਸਾਰੀ ਗੁਰਬਾਣੀ ਆਧਾਰਿਤ ਵਿਆਖਿਆ ਇਸ ਲੋਕ ਨੂੰ ਪਰਲੋਕ ਨਾਲ ਇਕਸੁਰ ਕਰਦੀ ਪ੍ਰਤੀਤ ਹੁੰਦੀ ਹੈ। ਆਮ ਜੀਵਨ ਵਿਚੋਂ ਉਦਾਹਰਨਾਂ ਦੇਣੀਆਂ ਵਿਦਵਾਨ ਲੇਖਕ ਦਾ ਇਕ ਹੋਰ ਹਾਸਲ ਹੈ। 'ਪੱਟੀ ਬਾਣੀ' ਦੇ ਅੱਖਰ ਨਾਲ ਆਰੰਭ ਹੁੰਦੀਆਂ ਸਤਰਾਂ ਦੇ ਕੇ ਪਹਿਲਾਂ 'ਅਰਥ' ਅਤੇ ਫਿਰ 'ਭਾਵ ਅਰਥ' ਦਿੰਦਿਆਂ ਫਿਰ ਚੱਲ ਸੋ ਚੱਲ ਪਵਿੱਤਰ ਬਾਣੀ ਦੇ ਸ਼ਬਦਾਂ ਨਾਲ ਵਿਸਤ੍ਰਤ ਵਿਆਖਿਆ ਸਹਿਤ, ਡੂੰਘੀ ਵਿਦਵਤਾ ਨਾਲ ਆਪਣਾ ਕਾਰਜ ਸਫਲਤਾ ਸਹਿਤ ਸੰਪੰਨ ਕੀਤਾ ਹੈ। ਲੇਖਕ ਦਾ ਅਸਤਿਤਵ ਆਪਣੀ ਉਮਰ ਦੇ 54ਵੇਂ ਸਾਲ ਵਿਚ ਇਕਸੁਰਤਾ ਨਾਲ ਪਰਮਾਤਮਾ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਇਹ ਪੁਸਤਕ ਪੱਟੀ ਬਾਣੀ 'ਤੇ ਮਹਾਨ ਖੋਜ ਕਾਰਜ ਉਪਾਧੀ-ਨਿਰਪੇਖ ਥੀਸਿਸ ਹੋ ਨਿੱਬੜਿਆ ਹੈ, ਲੇਖਕ ਵਧਾਈ ਦਾ ਪਾਤਰ ਹੈ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਤਿਰੰਗੇ ਦੇ ਰੰਗ
ਲੇਖਕ : ਅਮਰਜੀਤ ਸਿੰਘ 'ਤੂਰ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98784-69639
'ਤਿਰੰਗੇ ਦੇ ਰੰਗ' ਕਾਵਿ ਸੰਗ੍ਰਹਿ ਅਮਰਜੀਤ ਸਿੰਘ ਤੂਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਗੁਰਦੁਆਰਾ ਨਾਨਕਸਰ ਸਾਹਿਬ' ਤੋਂ ਲੈ ਕੇ ਆਨਲਾਈਨ ਅਖ਼ਬਾਰਾਂ ਚਲਾਵਾਈਏ ਤੱਕ ਲਗਭਗ 103 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਹ ਪੁਸਤਕ ਉਨ੍ਹਾਂ ਨੇ ਜਗਤ ਗੁਰੂ ਪਰਮਾਤਮਾ, ਮਾਤਾ, ਪਿਤਾ, ਪਤਨੀ, ਭੈਣ ਅਤੇ ਹੋਰ ਸਮਾਜਿਕ ਰਿਸ਼ਤਿਆਂ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਜਿਥੇ ਦੁਨਿਆਵੀ ਸੰਸਾਰ ਨਾਲ ਸੰਬੰਧਿਤ ਹਨ, ਉਥੇ ਇਨ੍ਹਾਂ ਦੇ ਸਰੋਕਾਰ ਅਦਿੱਖ ਸ਼ਕਤੀ ਪਰਮ-ਸ਼ਕਤੀ ਨਾਲ ਵੀ ਜੁੜੇ ਹੋਏ ਹਨ। 'ਤਿਰੰਗਾ ਝੰਡਾ' ਕਵਿਤਾ ਦਾ ਕੇਂਦਰੀ ਸਾਰ ਇਹ ਕਿ ਇਸ ਵਿਚਲੇ ਤਿੰਨ ਰੰਗ ਅਤੇ ਚੱਕਰ ਮਨੁੱਖੀ ਸੰਘਰਸ਼ ਦੀ ਗਾਥਾ ਨਾਲ ਸੰਬੰਧਿਤ ਹਨ। ਬਹੁਤੀਆਂ ਕਵਿਤਾਵਾਂ ਦੁਨਿਆਵੀ ਅਤੇ ਅਧਿਆਤਮਿਕ, ਧਾਰਮਿਕ ਜੀਵਨੀਆਂ ਨਾਲ ਸੰਬੰਧਿਤ ਹਨ। ਅਜਿਹੇ ਖਿਆਲਾਤ ਇਨ੍ਹਾਂ ਕਵਿਤਾਵਾਂ 'ਚ ਵਰਤੀਂਦੇ ਸ਼ਬਦ : ਮਾਂ, ਬਾਪ, ਭੈਣ, ਭਰਾ, ਮਾਮਾ, ਮਾਸੀ, ਪ੍ਰਤਾਪ ਸਿੰਘ ਬਾਗੀ, ਗੁਰੂ ਨਾਨਕ ਦੇਵ ਜੀ, ਡਾ. ਮਿਹਰ ਸਿੰਘ ਗਿੱਲ, ਡਾ. ਸਵਾਮੀਨਾਥਨ, ਰਾਸ਼ਟਰਪਤੀ ਅਬਦੁਲ ਕਲਾਮ, ਗੁਰੂ ਗੋਬਿੰਦ ਸਿੰਘ ਜੀ, ਭਗਤ ਰਵਿਦਾਸ ਜੀ, ਰਾਜਕੁਮਾਰ ਗੌਤਮ ਬੁੱਧ, ਰਾਮਜੀਦਾਸ ਉਰਫ਼ ਭਗਤ ਪੂਰਨ ਸਿੰਘ, ਸ੍ਰੀ ਗੁਰੂ ਅਰਜਨ ਦੇਵ ਜੀ, ਰੰਘਰੇਟਾ ਗੁਰੂ ਕਾ ਬੇਟਾ ਆਦਿ ਸ਼ਬਦਾਂ ਰਾਹੀਂ ਮਹਿਸੂਸੇ ਜਾ ਸਕਦੇ ਹਨ। ਇਸ ਤੋਂ ਇਲਾਵਾ ਊਚ-ਨੀਚ, ਭਰਮ-ਭੁਲੇਖੇ, ਵਖਰੇਵਿਆਂ ਦਾ ਸੰਸਾਰ, ਅਮੀਰੀ-ਗ਼ਰੀਬੀ, ਫ਼ਿਰਕਾਪ੍ਰਸਤੀ, ਭਰੂਣ ਹੱਤਿਆ, ਰਾਜਨੀਤਕ, ਧੌਂਸਵਾਦੀ ਆਦਿ ਵਿਸ਼ਿਆਂ ਨੂੰ ਵੀ ਇਨ੍ਹਾਂ ਕਵਿਤਾਵਾਂ 'ਚ ਪ੍ਰਗਟਾਉਣ ਦਾ ਸਮਰੱਥਾ ਅਨੁਸਾਰ ਯਤਨ ਕੀਤਾ ਗਿਆ ਹੈ। ਕਿਰਤ ਦੀ ਲੁੱਟ ਅਤੇ ਹੋਰ ਧੱਕੇਸ਼ਾਹੀ ਦਾ ਬਿਰਤਾਂਤ ਸਿਰਜਦਿਆਂ ਜਿਥੇ ਵਿਅੰਗਾਤਮਿਕ ਪਹੁੰਚ ਅਪਣਾਈ ਗਈ ਹੈ, ਉਥੇ ਬਹੁਤ ਸਰਲ, ਸਪੱਸ਼ਟ ਅਤੇ ਸਾਦਗੀ ਸ਼ਬਦਾਵਲੀ ਰਾਹੀਂ ਪੰਜਾਬੀ ਭਾਸ਼ਾ, ਸੱਭਿਆਚਾਰਕ ਹਵਾਲਿਆਂ ਰਾਹੀਂ ਪ੍ਰਗਟਾਉਣ ਦਾ ਸਾਰਥਿਕ ਯਤਨ ਕੀਤਾ ਗਿਆ ਹੈ। 'ਅਦਿੱਖ ਸ਼ਕਤੀ' ਦੇ ਪ੍ਰਭਾਵ ਹੇਠ ਹੁੰਦੇ ਅਨਾਚਾਰ ਨੂੰ 'ਮਨੁੱਖ' ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਕਿਤੇ-ਕਿਤੇ ਕਾਵਿਕ, ਲੈਅ ਅਤੇ ਛੰਦਾ-ਬੰਦੀ ਦੀ ਤਾਲ ਵੀ ਥਿੜਕਦੀ ਜਾਪਦੀ ਹੈ। ਪ੍ਰੰਤੂ ਭਾਵਾਂ ਦੀ ਤੀਬਰਤਾ ਆਮ ਕਾਵਿਕ-ਪਾਰਕ ਨੂੰ ਇਨ੍ਹਾਂ ਕਮੀਆਂ ਦਾ ਅਹਿਸਾਸ ਨਹੀਂ ਹੋਣ ਦਿੰਦੀ। 'ਸੰਗਕਾਰੀ ਮਨੁੱਖ' ਕਵਿਤਾ ਦੀ ਦੀ ਹੇਠ ਲਿਖੀਆਂ ਸਤਰਾਂ ਬਹੁਤ ਕੁਝ ਬਿਆਨ ਕਰਦੀਆਂ ਹਨ : ਖ਼ੁਸ਼ੀਆਂ ਵੰਡੋ, ਖ਼ੁਸ਼ੀਆਂ ਪਾਓ:
ਹਸੰਦਿਆਂ ਖੇਲਦਿਆਂ ਜੀਵਨ ਲੰਘਾਓ।
ਹਿਸਾਬ ਕਿਤਾਬ ਪਰਵਰਦਗਾਰ ਕੋਲ
ਆਪਣੇ ਚੰਗੇ ਲੇਖ ਲਿਖਾਓ।
ਅਮਰਜੀਤ ਸਿੰਘ ਤੂਰ ਹੁਰਾਂ ਨੂੰ ਦਿਲੀ ਮੁਬਾਰਕਬਾਦ। ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਇਕ ਕਮਰੇ ਦਾ ਸ਼ਾਇਰ
ਗ਼ਜ਼ਲਕਾਰ : ਸੁਖਦੀਪ ਔਜਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 96
ਸੰਪਰਕ : 98557-19465
'ਇਕ ਕਮਰੇ ਦਾ ਸ਼ਾਇਰ' ਗ਼ਜ਼ਲ-ਸੰਗ੍ਰਹਿ ਨੌਜਵਾਨ ਅਤੇੇ ਨਵ ਭਾਵਬੋਧ ਦੇ ਸ਼ਾਇਰ ਸੁਖਦੀਪ ਔਜਲਾ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸ਼ਾਇਰ ਨੇ ਆਪਣੀਆਂ 76 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਪੰਜਾਬੀ ਗ਼ਜ਼ਲ ਦੀ ਲੰਮੇਰੀ ਉਮਰ ਦੀ ਇਹ ਗਰੰਟੀ ਹੈ ਕਿ ਇਸ ਦੇ ਨਵੇਂ ਲਿਖਣਹਾਰ ਸ਼ਾਇਰ ਇਸ ਵਿਚ ਲਗਾਤਾਰ ਸੂਹਾ ਰੰਗ ਲੈ ਕੇ ਸ਼ਾਮਿਲ ਹੋ ਰਹੇ ਹਨ। ਜ਼ਿੰਦਗੀ ਅਤੇ ਇਸ਼ਕ ਦੀ ਨਵੀਉਂ ਨਵੀਂ ਬਹਾਰ ਰਹਿਣੀ ਹੁੰਦੀ ਹੈ। ਪੁਰਾਣੇ ਖਿਆਲਾਂ ਦੀ ਥਾਂ ਨਵੇਂ ਖਿਆਲ ਖਿੜ੍ਹਦੇ ਹਨ। ਨਵੇਂ ਬਿੰਬ, ਨਵੀਆਂ ਤਸ਼ਬੀਹਾਂ ਅਤੇ ਨਵੇਂ ਪ੍ਰਤੀਕ ਉਪਜਦੇ ਅਤੇ ਸਥਾਪਿਤ ਹੁੰਦੇ ਹਨ। ਪੰਜਾਬੀ ਗ਼ਜ਼ਲ ਨੇ ਆਪਣੀ ਹੋਂਦ ਕਵਿਤਾ ਦੀ ਪ੍ਰਥਾਇ ਲੋਕਾਂ ਵਿਚ ਵਧਾਈ ਹੈ। ਦਿਲ ਨੂੰ ਮੋਹਣ ਵਾਲੀਆਂ ਪੇਸ਼ਕਾਰੀਆਂ ਹੁੰਦੀਆਂ ਹਨ। ਲਹਿਜੇ ਬਦਲਦੇ ਹਨ ਅਤੇ ਸ਼ਿਅਰਾਂ ਵਿਚ ਉਡਾਣ ਦੇ ਨਾਲ-ਨਾਲ ਡੂੰਘਾਈ ਆਉਂਦੀ ਹੈ। ਕਹਿਣਾ ਬਣਦਾ ਹੈ ਕਿ ਗ਼ਜ਼ਲ ਨੇ ਆਪਣੇ ਜ਼ੋਰ ਨਾਲ ਆਪਣਾ ਲੋਹਾ ਮੰਨਵਾਇਆ ਹੈ। ਸੁਖਦੀਪ ਐਸਾ ਗ਼ਜ਼ਲਕਾਰ ਹੈ ਕਿ ਜਿਸ ਦੀਆਂ ਗ਼ਜ਼ਲਾਂ ਦਾ ਰੰਗ ਅਤੇ ਮਹਿਕ ਸੁਖਾਵੀਂ ਹੈ। ਭਾਵੇਂ ਉਸ ਦੇ ਸ਼ਿਅਰ ਉਸ ਦੇ ਨਿੱਜ ਦੁਆਲੇ ਹੀ ਘੁੰਮਦੇ ਹਨ ਪ੍ਰੰਤੂ ਇਸ ਨਿੱਜ ਵਿਚੋਂ ਹੀ ਲੋਕਤਾ ਦੀ ਹੂਕ ਸੁਣਾਈ ਦਿੰਦੀ ਹੈ। ਉਸ ਦੇ ਕੁਝ ਸ਼ਿਅਰ ਹਾਜ਼ਰ ਹਨ ਜੋ ਵਿਲੱਖਣਤਾ ਭਰਪੂਰ ਹਨ :
-ਮੇਰੇ ਬਟੂਏ ਦੀ ਖਸਤਾ ਦੇਖ ਹਾਲਤ,
ਉਦ੍ਹੀ ਫੋਟੋ ਨੂੰ ਮੁੜਕਾ ਆ ਗਿਆ ਹੈ।
-ਨਾਮ ਤੇਰਾ ਪੱਥਰ 'ਤੇ ਲਿਖਿਆ ਰਹਿ ਜਾਵੇ,
ਕੁਝ ਤਾਂ ਇਸ ਦੁਨੀਆ 'ਚ ਚੰਗਾ ਰਹਿ ਜਾਵੇ।
-ਕਦੇ-ਕਦਾਈਂ ਖ਼ੁਦ ਨੂੰ ਲੱਭਣਾ ਪੈ ਸਕਦੈ,
ਘਰ ਦੀ ਕਿਸੇ ਦੀਵਾਰ ਤੇ ਸ਼ੀਸ਼ਾ ਰਹਿ ਜਾਵੇ।
-ਦੋ ਪਰਿੰਦੇ ਲੜ ਰਹੇ ਸਨ ਇਸ਼ਕ ਦੀ ਇਕ ਕੈਦ ਅੰਦਰ,
ਜੇ ਇਹ ਪਿੰਜਰੇ ਟੁੱਟ ਗਏ ਤਾਂ ਸਮਝੋ ਵਧੀਆ ਹੋ ਗਿਆ
-ਲੱਖਾਂ ਛਿੱਟੇ ਮਾਰੇ ਤਾਂ ਵੀ ਲੱਥਾ ਨਈ,
ਮੇਰੀਆਂ ਅੱਖਾਂ 'ਤੇ ਇਕ ਸੁਪਨਾ ਲੱਗਾ ਹੈ।
ਪੰਜਾਬੀ ਕਵਿਤਾ ਦਾ ਪਾਠਕ ਨਹੀਂ ਹੈ। ਸ਼ਾਇਰ ਅੱਕਿਆ ਪਿਆ ਹੈ ਕਿ ਉਸ ਦੀ ਸ਼ਾਇਰੀ ਦੀ ਕੋਈ ਕੀਮਤ ਨਹੀਂ। ਅਸਲ ਵਿਚ ਲੋਕਾਂ ਨੂੰ ਤਾਂ ਮੁਜ਼ਰਿਆਂ ਦਾ ਚਸਕਾ ਪਾ ਕੇ ਹਾਕਮ ਸੁਰਖਰੂ ਹੋ ਜਾਂਦਾ ਹੈ ਤਾਂ ਕਿ ਲੋਕ ਅਵਚੇਤਨ ਵਿਚ ਹੀ ਰਹਿਣ :
ਸ਼ਾਇਦ ਇਕ ਸ਼ਾਇਰ ਨੇ ਅੱਜ ਗ਼ਜ਼ਲਾਂ ਦੀ ਕਾਪੀ ਪਾੜਤੀ,
ਹਰ ਗਲੀ ਹਰ ਮੋੜ 'ਤੇ ਸ਼ਿਅਰਾਂ ਦੇ ਜੋ ਟੁਕੜੇ ਪਏ।
ਆਦਮੀ ਕੌਣ ਹੈ, ਉਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਸੰਸਾਰ ਦੀਆਂ ਹੋਣੀਆਂ ਇਸੇ ਅਣਗਹਿਲੀ ਦੀ ਭਰੂੰਦ ਹੈ :
ਅਫ਼ਸੋਸ ਕੀ ਜੇ ਸ਼ਹਿਰ ਵਿਚ ਰੌਲਾ ਪਿਆ ਨਹੀਂ,
ਮੈਂ ਲਾਪਤਾ ਹਾਂ ਹਾਲੇ ਮੈਨੂੰ ਵੀ ਪਤਾ ਨਹੀਂ।
ਕਾਦਰ ਦੀ ਕੁਦਰਤ ਤੋਂ ਦੂਰੀ ਤੇ ਬੇਗ਼ਾਨਗੀ ਹੀ ਆਦਮੀ ਨੂੰ ਮੁੜ ਕੇ ਪਥਰਾਹਟ ਯੁੱਗ ਵਿਚ ਲੈ ਜਾਵੇਗੀ ਸ਼ਾਇਰ ਸੁਖਦੀਪ ਠੀਕ ਤਾਂ ਕਹਿੰਦਾ ਹੈ :
ਕਿੰਨੇ ਦਿਨਾਂ ਤੋਂ ਝੀਲ ਦਾ ਵੀ ਦਿਲ ਉਦਾਸ ਹੈ
ਕਿੰਨੇ ਦਿਨਾਂ ਤੋਂ ਮੈਂ ਵੀ ਉਸ ਕੋਲ ਬੈਠਿਆ ਨਹੀਂ
ਗ਼ਜ਼ਲ ਦੀ ਸਿਰਜਣਾ ਮਨ ਦੀ ਉਦਾਸੀ ਦੀ ਲਹਿਰ ਹੈ ਲੋਕ ਕਿਸੇ ਹਿਜਰ ਵਿਛੋੜੇ ਦਾ ਐਵੇਂ ਪਰਦਾ ਸਿਰਜਦੇ ਹਨ:
ਸਾਡਾ ਤਾਂ ਬਚਪਨੇ ਤੋਂ ਗ਼ਜ਼ਲ ਨਾਲ ਇਸ਼ਕ ਹੈ,
ਇਸ ਵਿਚ ਤੇਰੇ ਹਿਜਰ ਦਾ ਕੋਈ ਸ਼ੁਕਰੀਆ ਨਹੀਂ
ਸੁਖਦੀਪ ਔਜਲਾ ਦੀ ਸ਼ਾਇਰ ਗ਼ਜ਼ਲ ਦੇ ਨਵੇਂ ਯੁੱਗ ਦੇ ਨਵੀਨ ਭਾਵ ਬੋਧ ਦਾ ਦਰਵਾਜ਼ਾ ਖੋਲ੍ਹਦੀ ਲਗਦੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337