ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦੇ ਮਾਤਾ ਦੇ ਦਿਹਾਂਤ ’ਤੇ ਜਥੇਦਾਰ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
ਅੰਮ੍ਰਿਤਸਰ, 5 ਫਰਵਰੀ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੇ ਮਾਤਾ, ਬੀਬੀ ਬਲਬੀਰ ਕੌਰ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਮਨੁੱਖ ਦੇ ਜੀਵਨ ਅਤੇ ਪ੍ਰਾਪਤੀਆਂ ਵਿਚ ਮਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਭਾਈ ਪਿੰਦਰਪਾਲ ਸਿੰਘ ਦੀਆਂ ਪੰਥ ਪ੍ਰਤੀ ਮਹਾਨ ਸੇਵਾਵਾਂ ਪਿੱਛੇ ਵੀ ਉਨ੍ਹਾਂ ਦੀ ਮਾਤਾ ਬਲਬੀਰ ਕੌਰ ਦੁਆਰਾ ਦਿੱਤੇ ਧਾਰਮਿਕ ਸੰਸਕਾਰ ਅਤੇ ਮਹਾਨ ਪ੍ਰੇਰਨਾ ਦੀ ਦੇਣ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜਨਮ ਅਤੇ ਮੌਤ ਅਕਾਲ ਪੁਰਖ ਦੀ ਅਟੱਲ ਖੇਡ ਹੈ ਪਰ ਮਾਂ ਦਾ ਅਕਾਲ ਚਲਾਣਾ ਹਰੇਕ ਮਨੁੱਖ ਲਈ ਅਸਹਿ ਹੁੰਦਾ ਹੈ। ਉਨ੍ਹਾਂ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਬਲਬੀਰ ਕੌਰ ਦੇ ਅਕਾਲ ਚਲਾਣੇ ’ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।