ਸਰਕਾਰੀ ਗਰਾਂਟਾਂ ਦਾ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮੇਤ 11 ਖ਼ਿਲਾਫ਼ ਮਾਮਲਾ ਦਰਜ
ਗੁਰੂ ਹਰਸਹਾਏ, 3 ਦਸੰਬਰ (ਕਪਿਲ ਕੰਧਾਰੀ) - ਥਾਣਾ ਗੁਰੂ ਹਰ ਹਰਸਹਾਏ ਦੀ ਪੁਲਿਸ ਨੇ ਸਰਕਾਰੀ ਗਰਾਂਟਾਂ ਵਿਚ ਘਪਲਾ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਐਲੀਮੈਂਟਰੀ ਵਲੋਂ ਪੁਲਿਸ ਦੇ ਸਪੈਸ਼ਲ ਵਿੰਗ ਨੂੰ 11 ਅਗਸਤ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਪੁਲਿਸ ਵਲੋਂ ਜਾਂਚ ਕਰਨ ਤੋਂ ਬਾਅਦ ਗੁਰੂ ਹਰਸਹਾਏ ਬਲਾਕ ਇਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਸਮੇਤ 11 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਨੇ ਦੱਸਿਆ ਕਿ ਗੁਰੂ ਹਰ ਹਰਸਹਾਏ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਇਕ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਹਰਸਹਾਏ, ਚਰਨਜੀਤ ਪੁੱਤਰ ਸਾਧੂ ਰਾਮ, ਮਹਿੰਦਰ ਪਾਲ, ਰਕੇਸ਼ ਕੁਮਾਰ ਵਾਸੀਅਨ ਕੋਟਲੀ ਰੋਡ ਮੁਕਤਸਰ ਅਤੇ ਹੋਰ 7 ਨਾਮਜ਼ਦ ਵਿਅਕਤੀਆਂ ਵਲੋਂ ਮਿਲੀ ਭੁਗਤ ਕਰਕੇ ਇਕ ਕਰੋੜ 51 ਲੱਖ ਰੁਪਏ ਦਾ ਸਕੂਲਾਂ ਨੂੰ ਜਾਰੀ ਹੋਈਆਂ ਸਰਕਾਰੀ ਗਰਾਂਟਾਂ ਦਾ ਗ਼ਬਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋ ਪੜਤਾਲ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।