JALANDHAR WEATHER

11 ਨਵੰਬਰ ਤੋਂ ਹਰ ਕੋਈ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਡੇਰਾ ਬਾਬਾ ਨਾਨਕ ਦੇ ਕਰ ਸਕੇਗਾ ਦਰਸ਼ਨ

ਡੇਰਾ ਬਾਬਾ ਨਾਨਕ , 10 ਨਵੰਬਰ (ਡਾ. ਕਾਹਲੋਂ, ਪੁਰੇਵਾਲ, ਰੰਧਾਵਾ ) – ਪਾਕਿਸਤਾਨ ’ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਨੂੰ ਲੈ ਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਕਈ ਦਹਾਕੇ ਤੋਂ ਕੀਤੀ ਜਾਂਦੀ ਅਰਦਾਸ ਨੂੰ ਸਾਲ 2019 ’ਚ ਬੂਰ ਪਿਆ ਸੀ ਅਤੇ 9 ਨਵੰਬਰ ਨੂੰ ਲਾਂਘਾ ਸੰਗਤਾਂ ਲਈ ਖੋਲ੍ਹਿਆ ਗਿਆ ਸੀ। ਜਿਸ ਰਾਹੀਂ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਦੀਦਾਰੇ ਕਰਦੀਆਂ ਆ ਰਹੀਆਂ ਹਨ। ਲਾਂਘੇ ਦੀ ਵਰ੍ਹੇਗੰਢ ਮੌਕੇ ਲੈਂਡਪੋਰਟ ਅਥਾਰਟੀ ਆਫ ਇੰਡੀਆ ਨੇ ਫ਼ੈਸਲਾ ਕਰਦਿਆਂ ਹੋਇਆਂ 11 ਨਵੰਬਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦੇ ਦਰਸ਼ਨ ਦੀਦਾਰੇ ਕਰਨ ਲਈ ਸੰਗਤਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਐਲ.ਪੀ.ਆਈ. ਦੇ ਜਨਰਲ ਮੈਨੇਜਰ ਸ੍ਰੀ ਟਿੱਕਾ ਰਾਮ ਨੇ ਦੱਸਿਆ ਕਿ ਮਮੂਲੀ ਫੀਸ 50 ਰੁਪਏ ਦੇ ਕੇ ਸੰਗਤਾਂ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੋਰੀਡੋਰ ਦੇ ਦਰਸ਼ਨ ਕਰ ਸਕਣਗੀਆਂ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਉਹੀ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਚ ਪਹੁੰਚ ਸਕਦੀਆਂ ਸਨ ਜਿੰਨਾਂ ਵਲੋਂ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਣਾ ਹੋਣਾ ਹੁੰਦਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ’ਚ ਇਤਿਹਾਸਿਕ ਚਿੱਤਰਕਾਰੀ, ਯੋਧਿਆਂ ਦੀਆਂ ਆਦਮ ਕੱਦ ਤਸਵੀਰਾਂ ਸਮੇਤ ਪੁਰਾਤਨ ਇਤਿਹਾਸ ਨੂੰ ਦਰਸਾਇਆ ਗਿਆ ਹੈ। ਜੀ.ਐਮ. ਟਿੱਕਾ ਰਾਮ ਨੇ ਦੱਸਿਆ ਕਿ ਟਰਮੀਨਲ ਦੀ ਆਕਰਸ਼ਿਤ ਦਿੱਖ ਦੀ ਝਲਕ ਪਾਉਣ ਲਈ ਸੁਝਾਅ ਸਨ ਅਤੇ ਲੈਂਡਪੋਰਟ ਅਥਰਟੀ ਆਫ ਇੰਡੀਆ ਵਲੋਂ ਇਹ ਫ਼ੈਸਲਾ ਸੰਗਤਾਂ ਦੀ ਮੰਗ ਤਹਿਤ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ