ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਪਾਕਿਸਤਾਨੀ ਡਰੋਨ ਮਿਲਿਆ
ਅਜਨਾਲਾ, 8 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪੈਂਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਜ਼ਦੀਕ ਪੈਂਦੇ ਪਿੰਡ ਪੰਜਗਰਾਈ ਨੇੜਿਓਂ ਖੇਤਾਂ ਵਿਚੋਂ ਬੀ.ਐਸ.ਐਫ. ਜਵਾਨਾਂ ਨੂੰ ਟੁੱਟੀ ਹਾਲਤ ਵਿਚ ਇਕ ਡਰੋਨ ਮਿਲਿਆ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਡਿਊਟੀ ’ਤੇ ਬੀ.ਐਸ.ਐਫ. 73 ਬਟਾਲੀਅਨ ਦੇ ਜਵਾਨਾਂ ਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਆਇਆ ਹੈ, ਜਿਸ ਤੋਂ ਬਾਅਦ ਬੀ.ਐਸ.ਐਫ. ਜਵਾਨਾਂ ਵਲੋਂ ਚਲਾਏ ਸਰਚ ਅਭਿਆਨ ਦੌਰਾਨ ਪਿੰਡ ਪੰਜਗਰਾਈਂ ਦੇ ਬਾਹਰਵਾਰ ਇਕ ਕਿਸਾਨ ਦੇ ਖੇਤਾਂ ਵਿਚੋਂ ਟੁੱਟੀ ਹੋਈ ਹਾਲਤ ਵਿਚ ਇਕ ਡਰੋਨ ਮਿਲਿਆ । ਬਰਾਮਦ ਕੀਤਾ ਗਿਆ ਇਹ ਡਰੋਨ ਕਵਾਰਡਕਾਪਟਰ (ਮਾਈਕਰੋ) ਹੈ, ਜਿਸ ਨੂੰ ਬੀ.ਐਸ.ਐਫ. ਜਵਾਨਾਂ ਵਲੋਂ ਥਾਣਾ ਰਮਦਾਸ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।