ਦਵਾਈਆਂ ਵਾਲੀ ਫ਼ੈਕਟਰੀ ਚ ਅੱਗ ਲੱਗਣ ਕਾਰਨ ਅਟਾਰੀ ਦੇ ਗੁਰਭੇਜ ਦੀ ਹੋਈ ਮੌਤ, ਦੇਰ ਸ਼ਾਮ ਮ੍ਰਿਤਕ ਦੇਹ ਪਹੁੰਚੀ ਘਰ
ਅਟਾਰੀ, 6 ਅਕਤੂਬਰ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ ) - ਅੰਮ੍ਰਿਤਸਰ ਸਥਿੱਤ ਦਵਾਈਆਂ ਵਾਲੀ ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਅਟਾਰੀ ਦੇ ਗਰੀਬ ਪਰਿਵਾਰ ਦੇ ਨੌਜਵਾਨ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਗੁਰਭੇਜ ਸਿੰਘ 24, ਪੁੱਤਰ ਸੰਤੋਖ ਸਿੰਘ ਵਾਸੀ ਕਸਬਾ ਅਟਾਰੀ ਦਾ ਰਹਿਣ ਵਾਲਾ, ਫੈਕਟਰੀ ਵਿਚ ਸਫਾਈ ਸੇਵਕ ਅਤੇ ਦਵਾਈਆਂ ਦੀ ਪੈਕਿੰਗ ਦਾ ਪੰਜ ਸਾਲ ਤੋਂ ਕੰਮ ਕਰ ਰਿਹਾ ਸੀ। ਉਸ ਦਾ ਮ੍ਰਿਤਕ ਸਰੀਰ ਦੇਰ ਸ਼ਾਮ ਘਰ ਪੁੱਜਾ । ਗੁਰਭੇਜ ਸਿੰਘ ਦਾ ਸਸਕਾਰ ਅਟਾਰੀ ਦੇ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ। ਬੇਵਕਤੀ ਦਰਦਨਾਕ ਮੌਤ ਹੋ ਜਾਣ ਕਾਰਨ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ ਅਤੇ ਹਰ ਅੱਖ ਨਮ ਸੀ। ਸਵਰਗੀ ਗੁਰਭੇਜ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਹੰਝੂ ਭਰੀਆਂ ਅੱਖਾਂ ਨਾਲ ਗੱਲਬਾਤ ਕਰਦੇ ਦੱਸਿਆ ਜਦੋਂ ਪੁੱਤਰ ਘਰ ਨਾ ਪਹੁੰਚਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਭਾਲ ਸ਼ੁਰੂ ਕਰ ਦਿੱਤੀ । ਮਾਤਾ ਨੇ ਦੱਸਿਆ ਕਿ ਉਸ ਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੂੰ ਜਦੋਂ ਪਤਾ ਚੱਲਿਆ ਕਿ ਫ਼ੈਕਟਰੀ ਵਿਚ ਅੱਗ ਲੱਗ ਗਈ ਹੈ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਘਰ ਵਿਚ ਚੀਕ ਚਿਹਾੜਾ ਪੈ ਗਿਆ। ਲੜਕੇ ਦੀ ਮੌਤ ਹੋ ਜਾਣ ਕਰਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ।